ਗੋਲਡੀ ਢਿੱਲੋਂ ਨੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦਾ ਦੋਵਾਂ ਨੂੰ ਸੌਂਪਿਆ ਸੀ ਕੰਮ
ਡੇਰਾਬੱਸੀ, 12 ਨਵੰਬਰ : ਏ. ਜੀ. ਟੀ. ਐੱਫ. ਨੇ ਮੋਹਾਲੀ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਅੰਬਾਲਾ-ਡੇਰਾਬੱਸੀ ਹਾਈਵੇ ਦੇ ਘੱਗਰ ਪੁਲ `ਤੇ ਹੋਈ ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜੇ ਦੋ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਾਜਿ਼ਸ਼ ਨੂੰ ਨਾਕਾਮ ਕਰ ਦਿੱਤਾ ਹੈ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਮੋਹਾਲੀ ਦੇ ਮੋਟੇਮਾਜਰਾ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ , ਜੋ ਮੌਜੂਦਾ ਸਮੇਂ ਟੰਗੋਰੀ (ਮੋਹਾਲੀ) ਵਿਚ ਰਹਿ ਰਿਹਾ ਹੈ ਅਤੇ ਅਮਨ ਕੁਮਾਰ ਵਾਸੀ ਖਿਜਰਗੜ੍ਹ, ਜ਼ੀਰਕਪੁਰ (ਮੋਹਾਲੀ) ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਚੋਂ ਦੋ .32 ਬੋਰ ਦੇ ਪਿਸਤੌਲਾਂ ਸਮੇਤ 10 ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਬਜਾਜ ਡਿਸਕਵਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਪਿਛਲੇ ਮਹੀਨੇ ਰਾਜਪੁਰਾ ’ਚ ਵਾਪਰੀ ਗੋਲੀਬਾਰੀ ਦੀ ਵਾਰਦਾਤ ’ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਨੂੰ ਗੋਲਡੀ ਢਿੱਲੋਂ ਨੇ ਪੰਜਾਬ ’ਚ ਇਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਸੀ।
ਏ. ਡੀ. ਜੀ.ਪੀ. ਏ. ਜੀ. ਟੀ. ਐੱਫ. ਪ੍ਰਮੋਦ ਬਾਨ ਨੇ ਦੱਸਿਆ ਕਿ ਵਿਦੇਸ਼ੀ ਗੈਂਗਸਟਰ ਗੋਲਡੀ ਢਿੱਲੋਂ ਇਸ ਸਾਲ ਅਕਤੂਬਰ ’ਚ ਐਬਟਸਫੋਰਡ ’ਚ ਬ੍ਰਿਟਿਸ਼ ਕੋਲੰਬੀਆ ਦੇ ਇਕ ਭਾਰਤੀ ਮੂਲ ਦੇ ਉਦਯੋਗਪਤੀ ਦੀ ਦਿਨ-ਦਿਹਾੜੇ ਹੋਈ ਹੱਤਿਆ ਦਾ ਵੀ ਮਾਸਟਰਮਾਈਂਡ ਸੀ।
ਡੀ. ਆਈ. ਜੀ. ਏ. ਜੀ. ਟੀ. ਐੱਫ. ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਮੁਲਜ਼ਮ ਅਮਨ ਵਿਰੁੱਧ ਹਥਿਆਰਾਂ ਸਬੰਧੀ ਅਪਰਾਧਾਂ ਦੇ ਮਾਮਲੇ ’ਚ 2 ਐੱਫ. ਆਈ. ਆਰਜ਼ ਦਰਜ ਹਨ।
ਐੱਸ. ਐੱਸ. ਪੀ. ਹਰਮਨਦੀਪ ਹਾਂਸ ਨੇ ਦੱਸਿਆ ਕਿ ਕਾਰਵਾਈ ਦੌਰਾਨ ਮੁਲਜ਼ਮਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਤਹਿਤ ਪੁਲਸ ਪਾਰਟੀ ’ਤੇ ਗੋਲੀਬਾਰੀ ਕੀਤੀ। ਪੁਲਸ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ ਤੇ ਦੋਵਾਂ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ। ਇਸ ਸਬੰਧੀ ਪੁਲਸ ਸਟੇਸ਼ਨ ਡੇਰਾਬੱਸੀ ਵਿਖੇ ਕੇਸ ਦਰਜ ਕੀਤਾ ਗਿਆ ਹੈ।
Read More : ਮੰਢਾਲੀ ਗੋਲੀਕਾਂਡ : ਪੁਲਸ ਮੁਕਾਬਲੇ ਵਿਚ 2 ਮੁਲਜ਼ਮ ਗ੍ਰਿਫਤਾਰ
