ਉਪ ਕੁਲਪਤੀ ਨੇ ਵਿਦਿਆਰਥੀਆਂ ਨਾਲ ਕੀਤੀ ਮੀਟਿੰਗ, ਮੰਗਾਂ ਮੰਨਣ ਦਾ ਦਿੱਤਾ ਭਰੋਸਾ
ਚੰਡੀਗੜ੍ਹ, 12 ਨਵੰਬਰ : ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਰੇਨੂ ਵਿਗ ਵੱਲੋਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿਦਿਆਰਥੀ ਜਥੇਬੰਦੀਆਂ ਨੇ ਕਈ ਮੰਗਾਂ ਰੱਖੀਆਂ। ਜਥੇਬੰਦੀਆਂ ਦਾ ਕਹਿਣਾ ਸੀ ਕਿ ਹਾਲ ਹੀ ‘ਚ ਵਿਦਿਆਰਥੀਆਂ ‘ਤੇ ਦਾਇਰ ਕੀਤੇ ਕੇਸਾਂ ਨੂੰ ਖ਼ਾਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਚੋਣਾਂ ਹੋਣ ਤੱਕ ਅਦਾਲਤੀ ਕੇਸ ਵਾਪਸ ਲਏ ਜਾਣੇ ਚਾਹੀਦੇ ਹਨ। ਉਪ ਕੁਲਪਤੀ ਨੂੰ ਕੁਝ ਵੀ ਥੋਪਣਾ ਨਹੀਂ ਚਾਹੀਦਾ।
ਉਪ ਕੁਲਪਤੀ ਨੇ ਮੀਟਿੰਗ ’ਚ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਜਥੇਬੰਦੀਆਂ ਵੱਲੋਂ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਯੂਨੀਵਰਸਿਟੀ ਲਿਖਤੀ ਭਰੋਸਾ ਨਹੀਂ ਦਿੰਦੀ।
ਵਿਦਿਆਰਥੀਆਂ ਨੇ ਲਿਖਤੀ ਭਰੋਸਾ ਦੇਣ ਲਈ ਕਿਹਾ ਕਿ ਨਵੀਂ ਸੈਨੇਟ ਲਈ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਕੋਈ ਨਵਾਂ ਫ਼ੈਸਲਾ ਨਹੀਂ ਲਿਆ ਜਾਵੇਗਾ। ਨਵੀਂ ਸੈਨੇਟ ਪਿਛਲੇ ਫ਼ੈਸਲਿਆਂ ਦੀ ਸਮੀਖਿਆ ਕਰੇਗੀ। ਪਿਛਲੇ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਵਿਦਿਆਰਥੀਆਂ ਵਿਰੁੱਧ ਦਾਇਰ ਸਾਰੇ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਰੱਖੀ ਗਈ।
ਵੇਟਿੰਗ ਕਮੇਟੀ ਤੇ ਪੀ.ਯੂ.ਸੀ.ਐੱਸ.ਸੀ ਨਾਲ ਸਬੰਧਤ ਐੱਸ. ਓ.ਪੀ ਨਿਯਮ, ਜੋ ਬੁਲਾਰਿਆਂ ਨੂੰ ਮਨਜ਼ੂਰੀ ਦਿੰਦੇ ਹਨ, ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਵਿੱਤੀ ਪਾਰਦਰਸ਼ਤਾ ਨਾਲ ਸਬੰਧਤ ਕੋਈ ਵੀ ਨਵੀਂ ਨੀਤੀ ਵਿਦਿਆਰਥੀ ਜਥੇਬੰਦੀਆਂ ਦੀ ਭਾਗੀਦਾਰੀ ਨਾਲ ਤਿਆਰ ਕੀਤੀ ਜਾਣੀ ਚਾਹੀਦੀ ਹੈ ਤੇ ਭਰਤੀ ਪ੍ਰਕਿਰਿਆ ’ਚ ਰਿਜ਼ਰਵੇਸ਼ਨ ਨੀਤੀ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਲਿਖਤੀ ਸ਼ਡਿਊਲ ਨਾ ਆਉਣ ਤੱਕ ਮੋਰਚਾ ਰਹੇਗਾ ਜਾਰੀ
ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਉਪ ਕੁਲਪਤੀ ਅੱਗੇ ਰੱਖੀਆਂ ਹਨ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਸੈਨੇਟ ਚੋਣਾਂ ਦਾ ਸ਼ਡਿਊਲ ਜਲਦੀ ਜਾਰੀ ਕੀਤਾ ਜਾਵੇਗਾ। ਜਦੋਂ ਤੱਕ ਚੋਣਾਂ ਦਾ ਸ਼ਡਿਊਲ ਨਹੀਂ ਆ ਜਾਂਦਾ, ਉਦੋਂ ਤੱਕ ਵਿਦਿਆਰਥੀਆਂ ਵੱਲੋਂ ਮੋਰਚਾ ਜਾਰੀ ਰੱਖਿਆ ਜਾਵੇਗਾ।
ਵਿਦਿਆਰਥੀਆਂ ਵੱਲੋਂ ਲਿਖਤੀ ਰੂਪ ‘ਚ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਵੀ.ਸੀ. ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਸ਼ਡਿਊਲ ਇਕ-ਦੋ ਦਿਨ ਤੱਕ ਜਾਰੀ ਹੋ ਜਾਵੇਗਾ।
ਸੈਨੇਟ ਦੀ ਚੋਣ ਨਾ ਹੋਣ ਤੱਕ ਨਾ ਲਏ ਜਾਣ ਵੱਡੇ ਫ਼ੈਸਲੇ
ਐੱਸ. ਐੱਫ. ਐੱਸ. ਦੇ ਸੰਦੀਪ ਸਿੰਘ ਨੇ ਕਿਹਾ ਕਿ ਵੀ. ਸੀ. ਨੇ ਭਰੋਸਾ ਦਿਵਾਇਆ ਹੈ ਕਿ ਚੋਣਾਂ ਦਾ ਸ਼ਡਿਊਲ ਇਕ-ਦੋ ਦਿਨਾਂ ‘ਚ ਜਾਰੀ ਕਰ ਦਿੱਤਾ ਜਾਵੇਗਾ।
ਮੀਟਿੰਗ ’ਚ ਵਿਦਿਆਰਥੀਆਂ ਨਾਲ ਵੀ.ਸੀ. ਅਤੇ ਹੋਰ ਮੈਂਬਰ ਮਿਲਾ ਕੇ ਕੁੱਲ 20 ਜਣੇ ਹਾਜ਼ਰ ਸਨ। ਉਨ੍ਹਾਂ ਦੀ ਮੰਗ ਸੀ ਕਿ ਸੈਨੇਟ ਦੀ ਗ਼ੈਰ-ਹਾਜ਼ਰੀ ‘ਚ ਵੀ. ਸੀ. ਨੇ ਜਿੰਨੇ ਵੀ ਫ਼ੈਸਲੇ ਲਏ ਹਨ, ਉਹ ਸਾਰੇ ਰੀਵਿਊ ਕੀਤੇ ਜਾਣ। ਜਦੋਂ ਤੱਕ ਸੈਨੇਟ ਚੁਣੀ ਨਹੀਂ ਜਾਂਦੀ, ਉਦੋਂ ਤੱਕ ਵੀ. ਸੀ. ਰੁਟੀਨ ਫ਼ੈਸਲੇ ਤੋਂ ਇਲਾਵਾ ਕੋਈ ਵੀ ਵੱਡੇ ਫ਼ੈਸਲੇ ਨਾ ਲੈਣ।
ਵਿਦਿਆਰਥੀਆਂ ਨੇ ਇਹ ਵੀ ਮੰਗ ਕੀਤੀ ਕਿ ਸੈਨੇਟ ਨੂੰ ਲੈ ਕੇ ਜਿੰਨੇ ਵੀ ਵਿਦਿਆਰਥੀਆਂ ‘ਤੇ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆ ਜਾਵੇ। ਇਨ੍ਹਾਂ ਸਾਰੀਆਂ ਮੰਗਾਂ ਨੂੰ ਮੰਨਣ ਦਾ ਵੀ. ਸੀ.ਵਲੋਂ ਭਰੋਸਾ ਦਿੱਤਾ ਗਿਆ ਹੈ।
ਸਟੂਡੈਂਟ ਕੌਂਸਲ ਦੇ ਪ੍ਰਧਾਨ ਪ੍ਰਤੀ ਵਿਦਿਆਰਥੀਆਂ ’ਚ ਨਾਰਾਜ਼ਗੀ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ 12 ਦਿਨ ਹੋ ਗਏ ਹਨ, ਜਿਸ ’ਚ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦਾ ਸਹਿਯੋਗ ਮਿਲਿਆ ਹੈ ਤੇ 10 ਨਵੰਬਰ ਨੂੰ ਪੂਰੇ ਪੰਜਾਬ ਨਾਲ ਹਿਮਾਚਲ, ਹਰਿਆਣਾ ਤੇ ਹੋਰ ਰਾਜਾ ਦੇ ਵਿਦਿਆਰਥੀ, ਰਾਜਨੀਤਕ ਆਗੂ ਤੇ ਕਿਸਾਨ ਵੀ ਸ਼ਾਮਲ ਹੋਏ।
ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਗੌਰਵਵੀਰ ਸੋਹਲ ਇਸ ਮੋਰਚੇ ’ਚ ਇਕ- ਦੋ ਦਿਨ ਸ਼ਮੂਲੀਅਤ ਕਰ ਕੇ ਗ਼ਾਇਬ ਰਹੇ। ਵਿਦਿਆਰਥੀਆਂ ਨੇ ਇਸ ਗੱਲ ਦਾ ਇਤਰਾਜ਼ ਪ੍ਰਗਟਾਇਆ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ 12 ਨਵੰਬਰ ਨੂੰ ਹੋਈ ਮੀਟਿੰਗ ’ਚ ਵੀ ਗੌਰਵਵੀਰ ਸ਼ਾਮਲ ਨਹੀਂ ਸੀ। ਇਸ ਨਾਲ ਸਾਬਤ ਹੋ ਗਿਆ ਕਿ ਏ.ਬੀ. ਵੀ. ਪੀ. ਹਮਾਇਤੀ ਸੈਨੇਟ ਬਹਾਲੀ ਕਰਵਾਉਣ ਦੇ ਹੱਕ ‘ਚ ਨਹੀਂ ਹਨ।
Read More : ਸ਼ਹੀਦੀ ਸਾਕੇ ਦੀ ਸ਼ਤਾਬਦੀ ਸਬੰਧੀ ਨਗਰ ਕੀਰਤਨ ਕੱਥੂਨੰਗਲ ਤੋਂ ਰਵਾਨਾ
