Chairperson Reena Gupta

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਕੂੜੇ ’ਤੇ ਵੱਡਾ ਐਕਸ਼ਨ

-14 ਵੱਡੀਆਂ ਕੰਪਨੀਆਂ ਨੂੰ ਜਾਰੀ ਕੀਤੇ ਸੰਮਨ

ਪਟਿਆਲਾ, 11 ਨਵੰਬਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਨੇ ਪਲਾਸਟਿਕ ਕੂੜੇ ਦੇ ਪ੍ਰਬੰਧਨ ਸਬੰਧੀ ਵੱਡੀ ਕਾਰਵਾਈ ਕਰਦਿਆਂ 14 ਵੱਡੀਆਂ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਸੰਮਨ ਜਾਰੀ ਕੀਤਾ ਹੈ। ਇਹ ਕੰਪਨੀਆਂ ਪੰਜਾਬ ਵਿਚ ‘ਰੀਸਾਈਕਲ ਕਰਨਾ ਔਖੇ’ ਪਲਾਸਟਿਕ ਕੂੜੇ ਦੀਆਂ ਸਭ ਤੋਂ ਵੱਡੀਆਂ ਸਰੋਤ ਪਾਈਆਂ ਗਈਆਂ ਹਨ।

ਪੀ. ਪੀ. ਸੀ. ਬੀ. ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਕਿਸੇ ਵੀ ਕੰਪਨੀ ਨੂੰ ਪੰਜਾਬ ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੋਰਡ ਸਪੱਸ਼ਟ ਜ਼ਿੰਮੇਵਾਰੀ ਤੈਅ ਕਰੇਗਾ ਅਤੇ ਸਾਰੇ ਸ਼ਹਿਰਾਂ ਨੂੰ ਸਾਫ ਕਰਨ ਲਈ ਕਦਮ ਚੁੱਕੇ ਜਾਣਗੇ।

ਇਹ ਕਦਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਰਵਾਏ ਗਏ ਪਹਿਲੇ ਰਾਜ-ਵਾਰ ਪਲਾਸਟਿਕ ਵੇਸਟ ਬ੍ਰਾਂਡ ਆਡਿਟ 2025 ਦੇ ਨਤੀਜਿਆਂ ਦੇ ਅਧਾਰ ’ਤੇ ਚੁੱਕਿਆ ਗਿਆ ਹੈ, ਜੋ ਭਾਰਤ ’ਚ ਆਪਣੀ ਕਿਸਮ ਦਾ ਪਹਿਲਾ ਸਰਵੇ ਹੈ। ਇਹ ਆਡਿਟ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਟਿਆਲਾ ਇਨਾਂ ਛੇ ਸਹਿਰਾਂ ਵਿਚ ਕੀਤਾ ਗਿਆ। ਇਸ ਦੌਰਾਨ 6,991 ਕਿਲੋ ਮਿਊਂਸਪਲ ਕੂੜੇ ਦੀ ਜਾਂਚ ਕੀਤੀ ਗਈ, ਜਿਸ ਵਿਚੋਂ 613 ਕਿਲੋ ਪਲਾਸਟਿਕ ਕੂੜਾ ਸੀ।

ਅਧਿਐਨ ਮੁਤਾਬਕ, ਇਸ ਪਲਾਸਟਿਕ ਕੂੜੇ ਵਿਚੋਂ 88 ਪ੍ਰਤੀਸ਼ਤ ਕੂੜਾ ਰੀ-ਸਾਈਕਲ ਕਰਨਾ ਔਖਾ ਹੈ। 6 ਸ਼ਹਿਰਾਂ ’ਚੋਂ 11,810 ਪਲਾਸਟਿਕ ਪੈਕੇਟ ਇਕੱਠੇ ਕੀਤੇ ਗਏ। ਇਨ੍ਹਾਂ ’ਚੋਂ ਸਿਰਫ਼ 14 ਵੱਡੀਆਂ ਕੰਪਨੀਆਂ ਲਗਭਗ 59 ਪ੍ਰਤੀਸ਼ਤ ਔਖੇ-ਰੀਸਾਈਕਲ ਕੂੜੇ ਲਈ ਜ਼ਿੰਮੇਵਾਰ ਪਾਈਆਂ ਗਈਆਂ।

ਬੋਰਡ ਨੇ ਸਪੱਸ਼ਟ ਕੀਤਾ ਕਿ ਇਹ ਨਤੀਜੇ ‘ਵਿਸਤਾਰਿਤ ਉਤਪਾਦਕ ਜ਼ਿੰਮੇਵਾਰੀ (ਈ. ਪੀ. ਆਰ.)’ ਨਿਯਮਾਂ ਤਹਿਤ ਸਖਤ ਕਾਰਵਾਈ ਦੀ ਲੋੜ ਦਰਸ਼ਾਉਂਦੇ ਹਨ। ਬੋਰਡ ਨੇ ਕਿਹਾ ਕਿ ਕੁਝ ਕੰਪਨੀਆਂ ਸਿਰਫ ਕਾਗਜਾਂ ’ਤੇ ਹੀ ਈ. ਪੀ. ਆਰ. ਟਾਰਗਟ ਪੂਰੇ ਕਰਦੀਆਂ ਹਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚਿਤਾਵਨੀ ਦਿੱਤੀ ਕਿ ਪਲਾਸਟਿਕ ਕੂੜਾ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਅਸਲ, ਪ੍ਰਮਾਣਿਤ ਅਤੇ ਪੂਰੀ ਤਰ੍ਹਾਂ ਆਡਿਟ ਕੀਤੀ ਜਾ ਸਕਣ ਵਾਲੀ ਕੂੜਾ ਇਕੱਠਾ ਕਰਨ ਅਤੇ ਪ੍ਰੋਸੈਸਿੰਗ ਪ੍ਰਣਾਲੀ ਲਾਗੂ ਕਰਨੀ ਪਵੇਗੀ ਅਤੇ ਇਹ ਸਾਰੀ ਕਾਰਵਾਈ ਪੰਜਾਬ ਦੇ ਅੰਦਰ ਹੀ ਹੋਵੇ।

ਬੋਰਡ ਨੇ ਕਿਹਾ ਕਿ ਉਹ ਮਾਨੀਟਰਿੰਗ, ਲਾਗੂ ਕਰਨ ਅਤੇ ਉਦਯੋਗਾਂ ਨਾਲ ਸਹਿਯੋਗ ਹੋਰ ਮਜ਼ਬੂਤ ਕਰੇਗਾ ਤਾਂ ਜੋ ਪੰਜਾਬ ਨੂੰ ਇਕ ਸਾਫ, ਸਰਕੂਲਰ ਅਤੇ ਪਲਾਸਟਿਕ-ਜ਼ਿੰਮੇਵਾਰ ਭਵਿੱਖ ਵੱਲ ਲਿਜਾਇਆ ਜਾ ਸਕੇ।

Read More : ਹੜ੍ਹਾਂ ਦੇ ਬਾਵਜੂਦ ਝੋਨੇ ਦੀ ਆਮਦ 150 ਲੱਖ ਮੀਟਰਕ ਟਨ ਤੋਂ ਪਾਰ

Leave a Reply

Your email address will not be published. Required fields are marked *