ਚੰਡੀਗੜ੍ਹ, 11 ਨਵੰਬਰ : ਸੂਬੇ ਦੇ 35,000 ਤੋਂ ਵੱਧ ਸਕੂਲਾਂ ’ਚ ਵਿਸ਼ੇਸ਼ ਸਵੇਰ ਦੀਆਂ ਸਭਾਵਾਂ ਦੌਰਾਨ 70 ਲੱਖ ਵਿਦਿਆਰਥੀਆਂ ਨੂੰ 15 ਦਿਨਾ ਸਿੱਖਿਆ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸ਼ਹਾਦਤ ਤੇ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਸੂਬੇ ਭਰ ਦੇ ਸਾਰੇ ਸਕੂਲਾਂ ’ਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਇਹ ਲਾਜ਼ਮੀ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਮਹਿਜ਼ ਇਕ ਪ੍ਰੋਗਰਾਮ ਨਹੀਂ ਸਗੋਂ ਇਕ ਲਹਿਰ ਹੈ। ਇਹ ਪਹਿਲ ਸਾਡੀ ਸਰਕਾਰ ਦੀ ਸਿੱਖਿਆ ਨੀਤੀ ਦਾ ਆਧਾਰ ਹੈ, ਜਿਸ ਤਹਿਤ ਕੇਵਲ ਵਿਦਵਾਨ ਹੀ ਨਹੀਂ ਪੈਦਾ ਕੀਤੇ ਜਾ ਰਹੇ ਬਲਕਿ ਚਰਿੱਤਰ ਨਿਰਮਾਣ ਅਤੇ ਮਨੁੱਖੀ ਕਦਰਾਂ-ਕੀਮਤਾਂ ਵੀ ਪੈਦਾ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਵਡਮੁੱਲੇ ਗਿਆਨ ਨੂੰ ਸਕੂਲ ਦੇ ਰੁਟੀਨ ’ਚ ਸ਼ਾਮਲ ਕਰ ਕੇ ਸੂਬਾ ਸਰਕਾਰ ਬੱਚਿਆਂ ਨੂੰ ਇਕ ਨੈਤਿਕ ਦਿਸ਼ਾ ਪ੍ਰਦਾਨ ਕਰ ਰਹੀ ਹੈ ਜੋ ਤਾਉਮਰ ਉਨ੍ਹਾਂ ਦਾ ਮਾਰਗਦਰਸ਼ਨ ਕਰਦਾ ਰਹੇਗਾ।
30 ਨਵੰਬਰ ਤੱਕ ਚੱਲਣ ਵਾਲੇ ਇਸ ਸਿੱਖਿਆ ਪ੍ਰੋਗਰਾਮ ਤਹਿਤ ਸਵੇਰ ਦੀ ਸਭਾ ’ਚ 10-12 ਮਿੰਟ ਲਈ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸ਼ਹਾਦਤ, ਮਾਤਾ ਗੁਜਰੀ ਜੀ ਦੇ ਜੀਵਨ ਤੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਸ਼ੇਸ਼ ਭਾਸ਼ਣ, ਕਵਿਤਾ ਪਾਠ, ਭਾਸ਼ਣ ਮੁਕਾਬਲੇ, ਲੇਖ ਅਤੇ ਇਤਿਹਾਸਕ ਕਿਤਾਬਾਂ ਦੀ ਵੰਡ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ।
Read More : ਪੰਜਾਬ ਸਰਕਾਰ ਵੱਲੋਂ ਹਲਕਾ ਲਹਿਰਾ ਦੇ 40 ਪਿੰਡਾਂ ਨੂੰ ਖੇਡ ਸਟੇਡੀਅਮਾਂ ਦੀ ਸੌਗਾਤ
