ਚੰਡੀਗੜ੍ਹ, 11 ਨਵੰਬਰ : ਪੰਜਾਬ ਸਰਕਾਰ ਨੇ ਸੂਬੇ ਦੇ 1012 ਪਿੰਡਾਂ ’ਚ ਰਾਹਤ ਵੰਡ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਹੈ। ਪੰਜਾਬ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਿਕਾਰਡ ਸਮੇਂ ’ਚ ਸਭ ਤੋਂ ਵੱਧ ਮੁਆਵਜ਼ਾ ਵੰਡਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਅਤੇ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਤਹਿਤ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਸੂਬਾ ਸਰਕਾਰ ਵੱਲੋਂ ਨੁਕਸਾਨੇ ਗਏ ਘਰਾਂ ਲਈ ਵਿੱਤੀ ਸਹਾਇਤਾ 6,500 ਰੁਪਏ ਤੋਂ ਵਧਾ ਕੇ 40,000 ਰੁਪਏ ਪ੍ਰਤੀ ਘਰ ਕਰ ਦਿੱਤੀ ਗਈ ਹੈ। ਸਰਕਾਰ ਨੇ ਫ਼ਸਲ ਖ਼ਰਾਬੇ ਲਈ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਪ੍ਰਤੀ ਏਕੜ 20,000 ਰੁਪਏ ਦੇਣ ਦਾ ਫ਼ੈਸਲਾ ਲਿਆ ਹੈ, ਜੋ ਦੇਸ਼ ’ਚ ਹੁਣ ਤੱਕ ਦਿੱਤਾ ਗਿਆ ਸਭ ਤੋਂ ਵੱਧ ਫ਼ਸਲੀ ਮੁਆਵਜ਼ਾ ਹੈ।
ਪ੍ਰਭਾਵਿਤ ਪਰਿਵਾਰਾਂ ਲਈ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਵਿੱਤੀ ਸਹਾਇਤਾ ਪ੍ਰਦਾਨ ਕਰਦਿਆਂ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਦੁਧਾਰੂ ਪਸ਼ੂ 37,500 ਰੁਪਏ, ਪ੍ਰਤੀ ਗ਼ੈਰ-ਦੁਧਾਰੂ ਪਸ਼ੂ 32,000 ਰੁਪਏ, ਪ੍ਰਤੀ ਵੱਛਾ 20,000 ਰੁਪਏ ਤੇ ਪ੍ਰਤੀ ਪੋਲਟਰੀ ਪੰਛੀ 100 ਰੁਪਏ ਮੁਆਵਜ਼ਾ ਨਿਰਧਾਰਤ ਕੀਤਾ ਗਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਹਲਕੇ ਦੇ 11 ਪਿੰਡਾਂ ਦੇ 81 ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 22.71 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ। ਅਮਨ ਅਰੋੜਾ ਨੇ ਸੁਨਾਮ ਦੇ 11 ਪਿੰਡਾਂ ਦੇ 82 ਪ੍ਰਭਾਵਿਤ ਪਰਿਵਾਰਾਂ ਨੂੰ 17.47 ਲੱਖ ਰੁਪਏ ਵੰਡੇ। ਅਜਨਾਲਾ ਵਿਖੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਈ ਪਿੰਡਾਂ ਦੇ 594 ਪਰਿਵਾਰਾਂ ਨੂੰ 2.09 ਕਰੋੜ ਰੁਪਏ ਵੰਡੇ ਜਦਕਿ ਮਹਿਲ ਕਲਾਂ ਹਲਕੇ ’ਚ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ 27 ਲਾਭਪਾਤਰੀਆਂ ਨੂੰ 5.49 ਲੱਖ ਰੁਪਏ ਵੰਡੇ।
ਘਨੌਰ ਹਲਕੇ ’ਚ ਵਿਧਾਇਕ ਗੁਰਲਾਲ ਘਨੌਰ ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੇ ਨੁਕਸਾਨੇ ਗਏ 3,478 ਏਕੜ ਫ਼ਸਲੀ ਰਕਬੇ ਦੇ ਮੁਆਵਜ਼ੇ ਵਜੋਂ 11 ਹੜ੍ਹ ਪ੍ਰਭਾਵਿਤ ਪਿੰਡਾਂ ਦੇ 2,113 ਲਾਭਪਾਤਰੀਆਂ ਨੂੰ 5.15 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ।
ਭਦੌੜ ਹਲਕੇ ’ਚ ਵਿਧਾਇਕ ਲਾਭ ਸਿੰਘ ਉੱਗੋਕੇ ਨੇ 16 ਪਿੰਡਾਂ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 32 ਲੱਖ ਰੁਪਏ ਵੰਡੇ। ਨਵਾਂਸ਼ਹਿਰ ’ਚ ‘ਆਪ’ ਆਗੂ ਲਲਿਤ ਮੋਹਨ ਪਾਠਕ ਅਤੇ ਐੱਸ.ਡੀ.ਐੱਮ. ਅਨਮਜੋਤ ਕੌਰ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਚੈੱਕ ਸੌਂਪੇ ਜਦਕਿ ਬਲਾਚੌਰ ’ਚ ਵਿਧਾਇਕ ਸੰਤੋਸ਼ ਕਟਾਰੀਆ ਤੇ ਐੱਸ.ਡੀ.ਐੱਮ. ਕ੍ਰਿਤਿਕਾ ਗੋਇਲ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਿਆ।
Read More : ਪੰਜਾਬ ਲੀਚੀ ਦਾ ਨੰਬਰ-1 ਹੱਬ, ਕਿਸਾਨਾਂ ਦੀ ਆਮਦਨ 5 ਗੁਣਾ ਵਧੀ
