ਸੀ. ਬੀ. ਆਈ. ਦੇ ਵਕੀਲ ਨੇ ਕਿਹਾ-ਭੁੱਲਰ ਨੇ ਜਾਂਚ ਵਿਚ ਨਹੀਂ ਕੀਤਾ ਸਹਿਯੋਗ, ਸਵਾਲਾਂ ਦੇ ਵੀ ਨਹੀਂ ਦਿੱਤੇ ਸਹੀ ਜਵਾਬ
ਚੰਡੀਗੜ੍ਹ, 11 ਨਵੰਬਰ : ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 20 ਨਵੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਰਿਸ਼ਵਤ ਮਾਮਲੇ ਵਿਚ 5 ਦਿਨਾਂ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਭੁੱਲਰ ਨੂੰ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ।
ਸੀ. ਬੀ. ਆਈ. ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਦਲੀਲ ਦਿੱਤੀ ਕਿ ਮੁਲਜ਼ਮ ਨੂੰ ਉਸ ਦੇ ਪ੍ਰਭਾਵਸ਼ਾਲੀ ਅਹੁਦੇ ਕਾਰਨ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ ਤੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਦੀ ਬੇਨਤੀ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮ ਨੇ ਰਿਮਾਂਡ ਦੌਰਾਨ ਜਾਂਚ ਏਜੰਸੀ ਨਾਲ ਨਾ ਤਾਂ ਸਹੀ ਢੰਗ ਨਾਲ ਸਹਿਯੋਗ ਕੀਤਾ ਅਤੇ ਨਾ ਹੀ ਏਜੰਸੀ ਦੇ ਸਵਾਲਾਂ ਦੇ ਸਹੀ ਤਰੀਕੇ ਨਾਲ ਜਵਾਬ ਦਿੱਤੇ।
ਬਚਾਅ ਧਿਰ ਵੱਲੋਂ ਐੱਚ. ਐੱਸ. ਧਨੋਆ ਅਤੇ ਆਰ. ਪੀ. ਐੱਸ. ਬਾਰਾ ਵਕੀਲ ਵਜੋਂ ਪੇਸ਼ ਹੋਏ। ਬਚਾਅ ਧਿਰ ਵੱਲੋਂ ਅਦਾਲਤ ’ਚ ਮੰਗ ਕੀਤੀ ਗਈ ਕਿ ਭੁੱਲਰ ਨੂੰ ਜੇਲ ਵਿਚ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ’ਤੇ ਜੱਜ ਨੇ ਕਿਹਾ ਕਿ ਇਹ ਅਰਜ਼ੀ ਜੇਲ ਪ੍ਰਸ਼ਾਸਨ ਨੂੰ ਦਿੱਤੀ ਜਾ ਸਕਦੀ ਹੈ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਭੁੱਲਰ ਨੂੰ 20 ਨਵੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਅਦਾਲਤ ਨੇ ਇਕ ਦਿਨ ਪਹਿਲਾਂ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਮਾਮਲੇ ਦੀ ਅਗਲੀ ਸੁਣਵਾਈ ਹੁਣ 20 ਨਵੰਬਰ ਨੂੰ ਹੋਵੇਗੀ, ਜਿਸ ’ਚ ਉਨ੍ਹਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।
Read More : ਚੀਫ ਜਸਟਿਸ ਨੇ ਏ.ਆਈ. ਦੇ ਖ਼ਤਰਿਆਂ ਦਾ ਕੀਤਾ ਜ਼ਿਕਰ
