ਧੁੰਦ ਦੌਰਾਨ ਵਧੀਆਂ ਚੁਣੌਤੀਆਂ ਦੇ ਬਾਵਜੂਦ ਪਸਤ ਨਹੀਂ ਹੁੰਦੇ ਹੌਸਲੇ
ਇਕ ਪਾਸੇ ਹੱਡ ਚੀਰਵੀਂ ਠੰਡ ਨੇ ਰੋਜਮਰਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਕਈ ਕਾਰੋਬਾਰਾਂ ’ਤੇ ਵੀ ਅਸਰ ਪਾਇਆ ਹੈ ਪਰ ਦੂਜੇ ਪਾਸੇ ਰਾਤ ਸਮੇਂ ਕਰੀਬ 5 ਡਿਗਰੀ ਸੈਂਟੀਗਰੇਡ ਤਾਪਮਾਨ ਵਿਚ ਹੱਡ ਚੀਰਵੀਂ ਠੰਡ ਦੇ ਬਾਵਜੂਦ ਦੇਸ਼ ਦੇ ਜਵਾਨ ਸਰਹੱਦਾਂ ’ਤੇ ਡਟੇ ਹੋਏ ਹਨ। ਵੱਡੇ ਫਖਰ ਅਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਜਵਾਨਾਂ ਦੇ ਨਾਲ ਨਾਲ ਬੀ. ਐੱਸ. ਐੱਫ. ਵਿਚ ਤਾਇਨਾਤ ਦੇਸ਼ ਦੀਆਂ ਧੀਵਾਂ ਵੀ ਲੜਕਿਆਂ ਦੇ ਬਰਾਬਰ ਬੁਲੰਦ ਹੌਸਲਿਆਂ ਨਾਲ ਸਰਹੱਦਾਂ ਦੀ ਰਾਖੀ ਕਰ ਰਹੀਆਂ ਹਨ।
ਹੁਣ ਇਨ੍ਹਾਂ ਦਿਨਾਂ ਵਿਚ ਜਦੋਂ ਸੰਘਣੀ ਧੁੰਦ ਪੈਣ ਕਾਰਨ ਸਰਹੱਦਾਂ ਦੀ ਰਾਖੀ ਕਰਨ ਦੇ ਮਾਮਲੇ ਵਿਚ ਚੁਣੌਤੀਆਂ ਵਧ ਗਈਆਂ ਹਨ, ਤਾਂ ਵੀ ਦੇਸ਼ ਦੇ ਜਵਾਨਾਂ ਅਤੇ ਧੀਆਂ ਦੇ ਹੌਸਲੇ ਬੁਲੰਦ ਹਨ। ਹੋਰ ਤੇ ਹੋਰ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਆਪਣੀ ਡਿਊਟੀ ’ਤੇ ਤਾਇਨਾਤ ਇਨ੍ਹਾਂ ਜਵਾਨਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਵੀ ਦੇਸ਼ ਦੀਆਂ ਸਰਹੱਦਾਂ ’ਤੇ ਹੀ ਕੀਤੀ ਹੈ।

ਦੱਸਣਯੋਗ ਹੈ ਕਿ ਪੂਰੇ ਪੰਜਾਬ ਅੰਦਰ ਕਰੀਬ 550 ਕਿਲੋਮੀਟਰ ਲੰਮੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਅਤੇ ਅਕਸਰ ਪਾਕਸਤਾਨੀ ਸਮੱਗਲਰ ਡਰੋਨਾਂ ਸਮੇਤ ਹੋਰ ਤਰੀਕਿਆਂ ਨਾਲ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਭੇਜਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਇਸ ਕਾਰਨ ਤਕਰੀਬਨ ਪੂਰਾ ਸਾਲ ਹੀ ਅਜਿਹੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਪੂਰੀ ਮੁਸ਼ਤੈਦੀ ਦਿਖਾਉਣੀ ਪੈਂਦੀ ਹੈ।
ਅੱਜਕੱਲ ਜਦੋਂ ਰਾਤ ਦਾ ਤਾਪਮਾਨ 5-6 ਡਿਗਰੀ ਦੇ ਕਰੀਬ ਪਹੁੰਚ ਜਾਂਦਾ ਹੈ ਤਾਂ ਇਨ੍ਹਾਂ ਜਵਾਨਾਂ ਦੀ ਡਿਊਟੀ ਹੋਰ ਔਖੀ ਹੋ ਜਾਂਦੀ ਹੈ ਅਤੇ ਸੰਘਣੀ ਧੁੰਦ ਦੇ ਚਲਦਿਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਪਰ ਹਾਲਾਤ ਜਿਸ ਤਰ੍ਹਾਂ ਦੇ ਮਰਜ਼ੀ ਬਣ ਜਾਣ, ਇਹ ਜਵਾਨ ਸਰਹੱਦਾਂ ’ਤੇ ਚਿੜੀ ਤੱਕ ਫੜਕਣ ਨਹੀਂ ਦਿੰਦੇ। ਇਸੇ ਕਾਰਨ ਅੰਤਰਰਾਸ਼ਟਰੀ ਬਾਰਡਰ ’ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਿਛਲੇ ਸਾਲ ਪਾਕਿਸਤਾਨੀ ਸਮੱਗਲਰਾਂ ਤੇ ਘੁਸਪੈਠੀਆਂ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ।
ਇਕੱਤਰ ਵੇਰਵਿਆਂ ਅਨੁਸਾਰ ਬੀ. ਐੱਸ. ਐੱਫ. ਦੇ ਉਕਤ ਜਵਾਨਾਂ ਦੀ ਡਿਊਟੀ, ਜਿਸ ਖੇਤਰ ਵਿਚ ਲਗਾਈ ਜਾਂਦੀ ਹੈ, ਉਥੇ ਹੀ ਪੂਰੀ ਜ਼ਿੰਮੇਵਾਰੀ ਇਨ੍ਹਾਂ ਜਵਾਨਾਂ ਦੇ ਸਿਰ ’ਤੇ ਹੁੰਦੀ ਹੈ।
ਬੇਸ਼ੱਕ ਸਰਹੱਦ ’ਤੇ ਡਿਊਟੀ ਵਾਲੇ ਸਥਾਨ ’ਤੇ ਬਾਰਿਸ਼ ਜਾ ਜਾਵੇ, ਧੁੰਦ ਪਵੇ ਜਾਂ ਕੋਈ ਹੋਰ ਆਫਤ ਆ ਜਾਵੇ ਪਰ ਜਵਾਨ ਹਰ ਹਾਲਤ ਵਿਚ ਡਿਊਟੀ ਵਾਲੇ ਖੇਤਰ ਵਿਚ ਡਟ ਕੇ ਪਹਿਰਾ ਦਿੰਦੇ ਹਨ ਅਤੇ ਇਕ ਮਿੰਟ ਲਈ ਵੀ ਸਰਹੱਦ ਦੇ ਕਿਸੇ ਹਿੱਸੇ ’ਤੋਂ ਨਜ਼ਰ ਨਹੀਂ ਹਟਣ ਦਿੱਤੀ ਜਾਂਦੀ।
ਅਜੋਕੇ ਸਮੇਂ ਵਿਚ ਆਧੁਨਿਕ ਕਿਸਮ ਦੇ ਹਥਿਆਰ ਅਤੇ ਹੋਰ ਕਈ ਯੰਤਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਤਾਂ ਜੋ ਧੁੰਦ ਵਰਗੇ ਦਿਨਾਂ ਵਿਚ ਕੋਈ ਵੀ ਸ਼ਰਾਰਤੀ ਅਨਸਰ ਸਰਹੱਦ ’ਤੇ ਕੋਈ ਅਣਸੁਖਾਵੀਂ ਵਾਰਦਾਤ ਜਾਂ ਸਮੱਗਲਿੰਗ ਨਾ ਕਰ ਸਕੇ।
