ਸਵੇਰ ਸਮੇਂ ਡਿਊਟੀ ’ਤੇ ਜਾਣ ਵਾਲੇ ਮੁਲਾਜ਼ਮ ਪ੍ਰੇਸ਼ਾਨ
ਸੰਗਰੂਰ-ਪੰਜਾਬ ਭਰ ਅੰਦਰ ਹੱਡ ਚੀਰਵੀਂ ਠੰਢ ਅਤੇ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਬਾਜ਼ਾਰਾਂ ਵਿਚ ਰੌਣਕਾਂ ਵੀ ਘੱਟ ਗਈਆਂ ਹਨ। ਲੋਕ ਸੰਘਣੀ ਧੁੰਦ ਕਾਰਨ ਘਰੋਂ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ।
ਬੀਤੇ ਕੁਝ ਦਿਨਾਂ ਤੋਂ ਸ਼ਾਮ ਨੂੰ ਸ਼ੁਰੂ ਹੋਈ ਸੰਘਣੀ ਧੁੰਦ ਦੁਪਹਿਰ ਤੱਕ ਬਰਕਰਾਰ ਰਹਿੰਦੀ ਹੈ, ਜਿਸ ਕਾਰਨ ਸੜਕਾਂ ’ਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸੰਘਣੀ ਧੁੰਦ ਕਾਰਨ ਛੋਟੇ ਵੱਡੇ ਕਈ ਹਾਦਸੇ ਵਾਪਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਤਾਪਮਾਨ ਵੱਧ ਤੋਂ ਵੱਧ 19 ਅਤੇ ਘੱਟ ਤੋਂ ਘੱਟ 9 ਸੈਲਸੀਅਸ ਰਿਹਾ ਅਤੇ ਏਅਰ ਕੁਆਲਿਟੀ ਸੰਗਰੂਰ ਦੀ ਖਰਾਬ ਰਹੀ। ਹਵਾ ’ਚ ਭਾਰੀ ਨਮੀ ਅਤੇ ਠੰਢ ਹੋਣ ਕਾਰਨ ਗਰੀਬ ਪਰਿਵਾਰਾਂ ਨਾਲ ਸਬੰਧਤ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ।
ਝੁੱਗੀਆਂ, ਝੌਂਪੜੀਆਂ ਅਤੇ ਖੁੱਲ੍ਹੇ ਅਾਸਮਾਨ ਹੇਠ ਜ਼ਿੰਦਗੀ ਬਤੀਤ ਕਰ ਰਹੇ ਲੋਕਾਂ ਨੂੰ ਠੰਢ ਦੇ ਕਹਿਰ ਕਾਰਨ ਜਿਊਣਾ ਦੁੱਬਰ ਹੋ ਰਿਹਾ ਹੈ। ਇਹ ਹੱਡ ਚੀਰਵੀਂ ਠੰਢ ਦਿਲ ਅਤੇ ਸਾਹ ਦੇ ਰੋਗੀਆਂ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ।
ਸਵੇਰ ਸਮੇਂ ਸਰਕਾਰੀ ਪ੍ਰਾਈਵੇਟ ਫੈਕਟਰੀਆਂ ਅਤੇ ਵੱਖ-ਵੱਖ ਕੰਮਾਂ ’ਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਧੁੰਦ ਸੰਘਣੀ ਹੋਣ ਕਾਰਨ ਸੜਕਾਂ ’ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਜਦਕਿ ਮੁਲਾਜ਼ਮ ਨੂੰ ਸਮੇਂ ਸਿਰ ਆਪਣੀ ਡਿਊਟੀ ’ਤੇ ਪੁੱਜਣਾ ਪੈਂਦਾ ਹੈ, ਜਿਸ ਕਾਰਨ ਇਨ੍ਹੀਂ ਦਿਨੀਂ ਮੁਲਾਜ਼ਮਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੱਚੇ ਅਤੇ ਬਜ਼ੁਰਗ ਠੰਡ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ
ਇਨ੍ਹੀਂ ਦਿਨੀਂ ਵਧ ਰਹੀ ਠੰਢ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਿਹਤ ਦਾ ਧਿਆਨ ਰੱਖਦੇ ਹੋਏ ਸਾਵਧਾਨੀਆਂ ਵਰਤਣ ਦੀ ਲੋੜ ਹੈ। ਬੀਮਾਰੀਆਂ ਤੋਂ ਬਚਾਅ ਲਈ ਖੁਦ ਦਾ ਧਿਆਨ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ। ਜ਼ਰੂਰੀ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਬੱਚੇ ਅਤੇ ਬਜ਼ੁਰਗ ਕੱਪੜਿਆਂ ਦਾ ਖਾਸ ਧਿਆਨ ਰੱਖਣ। ਵੱਧ ਤੋਂ ਵੱਧ ਹੱਥ ਪੈਰ ਢੱਕ ਕੇ ਰੱਖੋ ਅਤੇ ਗਰਮ ਕੱਪੜੇ ਪਾਏ ਜਾਣ।
ਡੀ. ਸੀ. ਵੱਲੋਂ ਧੁੰਦ ਨੂੰ ਲੈ ਕੇ ਆਦੇਸ਼ ਜਾਰੀ
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਹੈਲਪਲਾਈਨ 108 ਐਂਬੂਲੈਂਸ ਸੇਵਾ, ਸੇਫ਼ ਸਕੂਲ ਵਾਹਨ ਸਕੀਮ, ਰਾਸ਼ਟਰੀ ਹਾਈਵੇ ਤੇ ਸਟੇਟ ਹਾਈਵੇ ’ਤੇ ਧੁੰਦ ਕਾਰਨ ਵਾਪਰਦੇ ਹਾਦਸਿਆਂ ਤੋਂ ਬਚਾਅ ਲਈ ਢੁੱਕਵੇਂ ਸਾਈਨ ਬੋਰਡ ਤੇ ਹੋਰ ਟ੍ਰੈਫਿਕ ਸੰਕੇਤ ਤੇ ਚਿੰਨ੍ਹ ਲਾਉਣ, ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟਣ, ਕਮਰਸ਼ੀਅਲ ਵਾਹਨਾਂ ’ਚ ਸਪੀਡ ਗਵਰਨਰ ਦੀ ਫਿਟਿੰਗ ਯਕੀਨੀ ਬਣਾਉਣ, ਬਲੈਕ ਸਪੋਟ ’ਤੇ ਚਿਤਾਵਨੀ ਬੋਰਡ ਲਾਉਣ ਸਮੇਤ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਢੁੱਕਵੀਂ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ।