ਤਪਾ ਮੰਡੀ, 6 ਨਵੰਬਰ : ਜ਼ਿਲਾ ਬਰਨਾਲਾ ਦੇ ਪਿੰਡ ਮਹਿਤਾ ਵਿਖੇ ਬਲੈਕਮੇਲਿੰਗ ਦੇ ਡਰੋਂ ਇਕ ਜੋੜੇ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਪਿੰਡ ਮਹਿਤਾ ਦੇ ਨਿਰਮਲ ਸਿੰਘ ਪੁੱਤਰ ਬਲਵੰਤ ਸਿੰਘ ਦੀ ਪਤਨੀ ਰਮਨਦੀਪ ਕੌਰ ਦੇ ਗੁਆਂਢੀ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਕਤ ਨੌਜਵਾਨ ਨੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ। ਬਲੈਕਮੇਲਿੰਗ ਤੋਂ ਤੰਗ-ਪ੍ਰੇਸ਼ਾਨ ਉਕਤ ਜੋੜੇ ਨੇ ਜ਼ਹਿਰੀਲੀ ਚੀਜ਼ ਪੀ ਕੇ ਆਤਮ-ਹੱਤਿਆ ਕਰਨ ਦੀ ਪੁਸ਼ਟੀ ਮਿਲੇ ਸੁਸਾਈਡ ਨੋਟ ਅਤੇ ਘਰ ਦੀ ਕੰਧ ’ਤੇ ਲਿਖੇ ਤੋਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਉਕਤ ਔਰਤ ਦੇ ਪਤੀ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਨੌਜਵਾਨ ਨੂੰ ਘਰ ਬੁਲਾ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਆਪਣੀ ਜਿੱਦ ’ਤੇ ਅੜ੍ਹਿਆ ਰਿਹਾ ਕਿ ਮੈਨੂੰ ਕੋਈ ਰੋਕ ਨਹੀਂ ਸਕਦਾ, ਸਗੋਂ ਉਸ ਨੇ ਔਰਤ ਨੂੰ ਇਹ ਕਿਹਾ ਕਿ ਜੇ ਤੂੰ ਮੇਰਾ ਸਾਥ ਨਾ ਦਿੱਤਾ ਤਾਂ ਮੈਂ ਤੈਨੂੰ ਸੋਸ਼ਲ ਮੀਡੀਆ ’ਤੇ ਬਦਨਾਮ ਕਰਾਂਗਾ। ਜਿਸ ਤੋਂ ਬਾਅਦ ਦੋਵੇਂ ਪਤੀ-ਪਤਨੀ ਤਣਾਅ ’ਚ ਚਲੇ ਗਏ।
ਇਸ ਮਾਮਲੇ ਦਾ ਸਵੇਰ ਸਮੇਂ ਉਸ ਦੇ 15 ਸਾਲਾ ਪੁੱਤਰ ਸੰਦੀਪ ਸਿੰਘ ਨੂੰ ਉਸ ਸਮੇਂ ਪਤਾ ਲੱਗਾ ਜਦ ਮੰਮੀ-ਡੈਡੀ ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਦੇਖੀਆਂ ਜਿਸ ’ਤੇ ਲੜਕੇ ਨੇ ਤੁਰੰਤ ਆਪਣੇ ਚਾਚੇ ਨੂੰ ਦੱਸਿਆ ਤਾਂ ਪਿੰਡ ’ਚ ਇਹ ਘਟਨਾ ਅੱਗ ਵਾਂਗ ਫੈਲ ਗਈ।
ਤਪਾ ਪੁਲਸ ਨੂੰ ਪਤਾ ਲੱਗਣ ’ਤੇ ਡੀ. ਐੱਸ. ਪੀ. ਤਪਾ ਗੁਰਬਿੰਦਰ ਸਿੰਘ, ਤਹਿਸੀਲਦਾਰ ਓਂਕਾਰ ਸਿੰਘ, ਥਾਣਾ ਮੁਖੀ ਸਰੀਫ ਖਾਂ, ਥਾਣੇਦਾਰ ਰਣਜੀਤ ਸਿੰਘ, ਮੁੱਖ ਮੁਨਸ਼ੀ ਦਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਪਤੀ ਪਤਨੀ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ ਮੋਰਚਰੀ ਰੂਮ ਬਰਨਾਲਾ ਭੇਜ ਦਿੱਤਾ ਹੈ।
ਖਬਰ ਲਿਖੇ ਜਾਣ ਤੱਕ ਫੌਰੈਸ਼ਿਟ ਟੀਮਾਂ ਜਾਂਚ ਕਰ ਰਹੀਆਂ ਸੀ ਅਤੇ ਪੁਲਸ ਨੇ ਮ੍ਰਿਤਕ ਨਿਰਮਲ ਸਿੰਘ ਦੇ ਭਰਾ ਲਾਭ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਠਿਕਾਨਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਮੁੱਖ ਮੰਤਰੀ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
