ਨਾਰੀਅਲ ਅਤੇ ਨਿਆਜ਼ ਚੜਾਉਣ ਦਾ ਬਹਾਨਾ ਲਾ ਕੇ ਭਾਖੜਾ ਨਹਿਰ ਵਿਚ ਦਿੱਤਾ ਸੀ ਧੱਕਾ
ਬਰਨਾਲਾ, 6 ਨਵੰਬਰ : ਜ਼ਿਲਾ ਬਰਨਾਲਾ ਦੇ ਪਿੰਡ ਸੇਖਾ ਵਿਖੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਵਿਅਕਤੀ ਨੂੰ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਐੱਸ. ਐੱਸ. ਪੀ, ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਪਿੰਡ ਸੇਖਾ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਕਿਰਨਜੀਤ ਕੌਰ (45), ਪੁੱਤਰੀ ਸੁਖਚੈਨਪ੍ਰੀਤ ਕੌਰ (25) ਅਤੇ ਪੁੱਤਰ ਹਰਮਨਜੀਤ ਸਿੰਘ (22) ਦੀ ਗੁੰਮਸ਼ੁਦਾ ਹੋਣ ਸਬੰਧੀ ਥਾਣਾ ਸਦਰ ਬਰਨਾਲਾ ਵਿਖੇ ਰਿਪੋਰਟ ਦਰਜ ਕੀਤੀ ਗਈ ਸੀ।
ਪੁਲਿਸ ਨੇ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਕੁਲਵੰਤ ਸਿੰਘ ਉਰਫ ਕ੍ਰਾਂਤੀ ਨੂੰ ਗ੍ਰਿਫਤਾਰ ਕਰਦਿਆਂ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਕੁਲਵੰਤ ਸਿੰਘ ਦੇ ਕਿਰਨਜੀਤ ਕੌਰ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਬੰਧ ਸਨ। ਕਿਰਨਜੀਤ ਕੌਰ ਦੀ ਜ਼ਮੀਨ ਵੇਚਣ ਤੋਂ ਬਾਅਦ ਪ੍ਰਾਪਤ ਹੋਏ 20 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ।
ਇਸ ਸਬੰਧੀ ਕਿਰਨਜੀਤ ਕੌਰ ਆਪਣੇ ਪੈਸਿਆਂ ਦੀ ਮੰਗ ਕਰ ਰਹੀ ਸੀ, ਜਿਸ ਤੋਂ ਬਾਅਦ ਕੁਲਵੰਤ ਸਿੰਘ ਆਪਣੇ ਨਾਲ ਕਿਰਨਜੀਤ ਕੌਰ ਉਸ ਦੀ ਪੁੱਤਰੀ ਅਤੇ ਉਸਦੇ ਪੁੱਤਰ ਨੂੰ ਨਾਲ ਲੈ ਕੇ ਨੈਣਾਂ ਦੇਵੀ ਮਾਤਾ ਦੀ ਯਾਤਰਾ ਲਈ ਲੈ ਗਿਆ, ਜਿਸ ਨੇ ਵਾਪਸ ਆਉਂਦੇ ਸਮੇਂ ਪਟਿਆਲਾ ਨੇੜੇ ਭਾਖੜਾ ਨਹਿਰ ਕੋਲ ਨਾਰੀਅਲ ਅਤੇ ਨਿਆਜ਼ ਚੜਾਉਣ ਦਾ ਬਹਾਨਾ ਲਾ ਕੇ ਕਿਰਨਜੀਤ ਕੌਰ, ਉਸਦੀ ਪੁੱਤਰੀ ਅਤੇ ਉਸਦੇ ਪੁੱਤਰ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ।
ਪੁਲਿਸ ਨੇ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਦਾ ਮਾਨਯੋਗ ਅਦਾਲਤ ਵਿੱਚੋਂ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਕਿ ਹੋਰ ਵੀ ਪੁੱਛਗਿਛ ਕੀਤੀ ਜਾਵੇ।
Read More : ਗੁਰਪੁਰਬ ਮੌਕੇ ਮੁੱਖ ਮੰਤਰੀ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
