ਤਲਵੰਡੀ ਭਾਈ, 5 ਨਵੰਬਰ : ਤਲਵੰਡੀ ਭਾਈ ਦੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਭਵਨ ਵਿਖੇ ਅਚਾਨਕ ਲੱਗੀ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅਗਨ ਭੇਟ ਹੋ ਗਈ।
ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਤੋਂ ਉਪਰੰਤ ਸਮੂਹ ਸੰਗਤਾਂ ਅਤੇ ਪ੍ਰਬੰਧਕ ਆਪਣੇ ਘਰ ਚਲੇ ਜਾਣ ਤੋਂ ਬਾਅਦ ਤਕਰੀਬਨ 3.30 ਵਜੇ ਦੇ ਕਰੀਬ ਸਥਾਨਕ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਭਵਨ ’ਚੋਂ ਅਚਾਨਕ ਧੂੰਆਂ ਬਾਹਰ ਆਉਂਦਾ ਵੇਖ ਕੇ ਜਦੋਂ ਲੋਕਾਂ ਨੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਵੇਖਿਆ ਤਾਂ ਸਾਰਾ ਹਾਲ ਧੂੰਏਂ ਨਾਲ ਭਰਿਆ ਪਿਆ ਸੀ। ਉਪਰੰਤ ਸਮੂਹ ਲੋਕਾਂ ਨੇ ਬੜੀ ਜੱਦੋ ਜਹਿਦ ਨਾਲ ਅੱਗ ’ਤੇ ਕਾਬੂ ਪਾਇਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਤਰਕੀਬਨ 3 ਵਜੇ ਤੱਕ ਸਭ ਕੁਝ ਠੀਕ ਸੀ ਪਰ ਜਦੋਂ ਉਹ ਦਵਾਈ ਲੈ ਕੇ ਸਾਢੇ 3 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਤਾਂ ਅਚਾਨਕ ਇਹ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਸੀ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਭੰਗਰਾ ਤੇ ਸਹਿਯੋਗੀਆਂ ਨੇ ਦੱਸਿਆ ਕਿ ਸ਼ਾਇਦ ਕੋਈ ਬਿਜਲੀ ਦੀ ਤਾਰ ਵਗੈਰਾ ਸਪਾਰਕ ਹੋਣ ਕਾਰਨ ਇਹ ਅੱਗ ਅੰਦਰੋਂ ਅੰਦਰੀ ਧੁਖਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਰੁਮਾਲਿਆਂ ਤੱਕ ਵੀ ਪਹੁੰਚਦੀ ਹੋਈ ਇਕ ਭਿਆਨਕ ਰੂਪ ਧਾਰ ਗਈ, ਜਿਸ ਕਾਰਨ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਅਗਨ ਭੇਟ ਹੋ ਗਈ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਬਣੇ ਸੱਚਖੰਡ ’ਚ ਮੁੱਖ ਆਸਣ ਵਿਚ ਪਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਕੀ ਬੀੜਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
Read More : ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ
