ਕੈਥਲ, 5 ਨਵੰਬਰ : ਪੰਜਾਬ ਦੇ ‘ਆਪ’ ਦੇ ਵਿਧਾਇਕ ਕੁਲਵੰਤ ਬਾਜ਼ੀਗਰ ਦੀ ਸ਼ਹਿ ’ਤੇ ਉਸ ਦੇ ਪਿੰਡ ਦੇ ਇਕ ਨੌਜਵਾਨ ਨੂੰ ਅਗਵਾ ਕਰਨ ਤੇ ਉਸ ਦੀਆਂ ਲੱਤਾਂ ਤੋੜਨ ਦੇ ਦੋਸ਼ ਹੇਠ ਪੰਜਾਬ ਪੁਲਸ ਦੀ ਵਿਸ਼ੇਸ਼ ਡਿਟੈਕਟਿਵ ਇਕਾਈ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਜੀਤ ਉਰਫ਼ ਲੱਭੂ ਤੇ ਗੁਰਪ੍ਰੀਤ ਸਿੰਘ ਉਰਫ਼ ਗੱਗੂ ਵਜੋਂ ਹੋਈ ਹੈ। ਦੋਵੇਂ ਪਟਿਆਲਾ ਜ਼ਿਲੇ ਦੇ ਪਿੰਡ ਲਾਲੂਵਾ ਦੇ ਵਸਨੀਕ ਹਨ।
ਡੀ. ਐੱਸ. ਪੀ. ਕੁਲਦੀਪ ਬੈਨੀਵਾਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਗੁਰਚਰਨ ਨੂੰ ਅਗਵਾ ਕਰਨ ਤੇ ਉਸ ਦੀਆਂ ਲੱਤਾਂ ਤੋੜਨ ’ਚ ਸ਼ਾਮਲ ਸਨ। ਐੱਸ. ਡੀ. ਯੂ. ਦੇ ਇੰਚਾਰਜ ਸਬ-ਇੰਸਪੈਕਟਰ ਰਮੇਸ਼ ਦੀ ਅਗਵਾਈ ਹੇਠ ਐੱਸ. ਆਈ. ਵਰਿੰਦਰ ਸਿੰਘ ਦੀ ਟੀਮ ਨੇ ਬੁੱਧਵਾਰ ਦੁਪਹਿਰ ਖਨੌਰੀ ’ਚ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਹਮਲੇ ’ਚ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਵੀ ਬਰਾਮਦ ਕਰ ਲਈ ਗਈ। ਹਮਲੇ ਦਾ ਮੁੱਖ ਮੁਲਜ਼ਮ ਸੰਦੀਪ ਅਜੇ ਫਰਾਰ ਹੈ।
ਪੁਲਸ ਵੀਰਵਾਰ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰੇਗੀ ਤੇ ਰਿਮਾਂਡ ਮੰਗੇਗੀ। 7 ਟੀਮਾਂ ਪੰਜਾਬ ’ਚ ਦੂਜੇ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲਸ ਦਾ ਦਾਅਵਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਧਿਆਨ ਦੇਣ ਯੋਗ ਹੈ ਕਿ ਕੈਥਲ ਦੇ ਰਾਮਥਲੀ ਪੁਲਸ ਸਟੇਸ਼ਨ ਨੇ ਪਟਿਆਲਾ ਜ਼ਿਲੇ ਦੇ ਸ਼ੁਤਰਾਣਾ ਹਲਕੇ ਤੋਂ ‘ਆਪ’ ਦੇ ਵਿਧਾਇਕ ਕੁਲਵੰਤ ਬਾਜੀਗਰ, ਉਨ੍ਹਾਂ ਦੇ 2 ਪੁੱਤਰਾਂ ਤੇ 8 ਹੋਰਾਂ ਵਿਰੁੱਧ ਇਕ ਨੌਜਵਾਨ ਨੂੰ ਅਗਵਾ ਕਰਨ ਤੇ ਉਸ ਦੀਆਂ ਲੱਤਾਂ ਤੋੜਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
Read More : ਮਣੀਪੁਰ ’ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ ’ਚ ਮਾਰ ਸੁੱਟੇ 4 ਅੱਤਵਾਦੀ
