ਨਵੀਂ ਦਿੱਲੀ, 5 ਨਵੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਵੋਟ ਚੋਰੀ’ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਹਰਿਆਣਾ ਦੀ ਵੋਟਰ ਸੂਚੀ ਨਾਲ ਜੁੜੇ ਅੰਕੜੇ ਸਾਹਮਣੇ ਰੱਖੇ ਅਤੇ ਦਾਅਵਾ ਕੀਤਾ ਕਿ ਪਿਛਲੇ ਸਾਲ ਅਕਤੂਬਰ ’ਚ ਹੋਈਆਂ ਸੂਬਾ ਵਿਧਾਨ ਸਭਾ ਚੋਣਾਂ ਨੂੰ 25 ਲੱਖ ਫਰਜ਼ੀ ਵੋਟਾਂ ਰਾਹੀਂ ਚੋਰੀ ਕੀਤਾ ਗਿਆ ਸੀ।
ਉਨ੍ਹਾਂ ਚੋਣ ਕਮਿਸ਼ਨ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮਿਲੀਭੁਗਤ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਨਾ ਸਿਰਫ਼ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੀ ਗੈਰ-ਕਾਨੂੰਨੀ ਢੰਗ ਨਾਲ ਅਹੁਦੇ ’ਤੇ ਹਨ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਜਾਇਜ਼ ਢੰਗ ਨਾਲ ਸੱਤਾ ’ਚ ਨਹੀਂ ਹਨ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਵੱਲੋਂ ਲਾਏ ਗਏ ਦੋਸ਼ ‘ਬੇਬੁਨਿਆਦ’ ਹਨ ਕਿਉਂਕਿ ਸੂਬੇ ’ਚ ਉਨ੍ਹਾਂ ਦੀ ਪਾਰਟੀ ਦੇ ਬੂਥ ਏਜੰਟ ਵੱਲੋਂ ਵੋਟਰ ਸੂਚੀ ਖਿਲਾਫ ਕੋਈ ਅਪੀਲ ਦਰਜ ਨਹੀਂ ਕੀਤੀ ਗਈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਪੱਤਰਕਾਰ ਸੰਮੇਲਨ ’ਚ ਇਕ ਲੰਮੀ ਪੇਸ਼ਕਾਰੀ ਦਿੱਤੀ ਅਤੇ ਕਿਹਾ ਕਿ ਹਰਿਆਣਾ ’ਚ ‘ਵੋਟ ਚੋਰੀ’ ਨੂੰ ਲੈ ਕੇ ਉਹ ਜੋ ਗੱਲਾਂ ਕਰ ਰਹੇ ਹਨ, ਉਹ ਸੌ ਫੀਸਦੀ ਸਬੂਤਾਂ ’ਤੇ ਆਧਾਰਿਤ ਹਨ।
ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਰਿਆਣਾ ’ਚ ਸਰਵੇਖਣਾਂ ’ਚ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਪ੍ਰਗਟਾਈ ਗਈ ਸੀ ਪਰ ਯੋਜਨਾਬੱਧ ਤਰੀਕੇ ਨਾਲ ਕਾਂਗਰਸ ਦੀ ਤੈਅ ਜਿੱਤ ਨੂੰ ਹਾਰ ’ਚ ਬਦਲਿਆ ਗਿਆ।
ਗਾਂਧੀ ਨੇ ਕਿਹਾ, ‘ਮੈਂ ‘ਜੈਨ ਜ਼ੈੱਡ’ ਨੂੰ ਕਹਿਣਾ ਚਾਹੁੰਦਾ ਹਾਂ ਕਿ ਵੇਖੋ ਕਿ ਕਿਵੇਂ ਤੁਹਾਡੇ ਭਵਿੱਖ ਦੀ ਚੋਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਇਕ ਬਿਆਨ ਦੀ ਵੀਡੀਓ ਿਵਖਾਈ, ਜਿਸ ’ਚ ਸੈਣੀ ਨੇ ਕਥਿਤ ਤੌਰ ’ਤੇ ਸਰਕਾਰ ਬਣਾਉਣ ਦੀ ‘ਵਿਵਸਥਾ’ ਹੋਣ ਦੀ ਗੱਲ ਕੀਤੀ ਸੀ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਹਰਿਆਣਾ ’ਚ ਪੰਜ ਵੱਖ-ਵੱਖ ਤਰੀਕਿਆਂ ਨਾਲ 25,41,144 ਫਰਜ਼ੀ ਵੋਟਾਂ ਨਾਲ ‘ਵੋਟ ਚੋਰੀ’ ਕੀਤੀ ਗਈ। ਕਾਂਗਰਸ ਨੇਤਾ ਨੇ ਕਿਹਾ, ‘‘ਹਰਿਆਣਾ ’ਚ ਪੰਜ ਤਰੀਕਿਆਂ ਦੀ ‘ਵੋਟ ਚੋਰੀ’ ਹੈ। ‘ਡੁਪਲੀਕੇਟ ਵੋਟਰਾਂ’ ਦੀ ਗਿਣਤੀ 5,21,619 ਰਹੀ। ‘ਫਰਜ਼ੀ ਪਤੇ ਵਾਲੇ ਵੋਟਰਾਂ’ ਦੀ ਗਿਣਤੀ 93,174 ਸੀ, ‘ਬਲਕ ਵੋਟਰ’ 19,26,351 ਸਨ।’
ਉਨ੍ਹਾਂ ਕਿਹਾ ਕਿ ਫ਼ਾਰਮ 6 ਅਤੇ ਫ਼ਾਰਮ 7 ਦੀ ਵੀ ਦੁਰਵਰਤੋਂ ਕੀਤੀ ਗਈ। ਫ਼ਾਰਮ 6 ਦੀ ਵਰਤੋਂ ਵੋਟਰ ਸੂਚੀ ’ਚ ਨਾਂ ਜੁੜਵਾਉਣ ਅਤੇ ਫ਼ਾਰਮ 7 ਦੀ ਵਰਤੋਂ ਗਲਤ ਵੋਟਰ ਸੂਚੀ ’ਚੋਂ ਗਲਤ ਇੰਦਰਾਜ ਹਟਾਉਣ ਲਈ ਕੀਤੀ ਜਾਂਦੀ ਹੈ। ਕਾਂਗਰਸ ਨੇਤਾ ਨੇ ਕਿਹਾ, ‘‘ਫ਼ਾਰਮ 6 ਅਤੇ ਫ਼ਾਰਮ 7 ਰਾਹੀਂ ਵੋਟਰਾਂ ਨੂੰ ਜੋੜਿਆ ਅਤੇ ਘਟਾਇਆ ਜਾਂਦਾ ਹੈ। ਮਹਾਦੇਵਾਪੁਰਾ ਅਤੇ ਆਲੰਦ ਦੇ ਖੁਲਾਸੇ ਤੋਂ ਬਾਅਦ ਚੋਣ ਕਮਿਸ਼ਨ ਨੇ ਇਸ ਦਾ ਡੇਟਾ ਦੇਣਾ ਬੰਦ ਕਰ ਦਿੱਤਾ ਹੈ।
Read More : ਪਟਿਆਲਾ ਦੇ ਰੀਅਲ ਅਸਟੇਟ ਕਾਰੋਬਾਰੀ ਦੇ ਘਰ ਸੀ.ਬੀ.ਆਈ. ਦੀ ਰੇਡ
