ਭਗਤਾ ਭਾਈ – ਜ਼ਿਲਾ ਬਠਿੰਡਾ ਦੇ ਕਸਬਾ ਕਸਬਾ ਭਗਤਾ ਭਾਈ ਦੇ ਪ੍ਰਸਿੱਧ ‘ਪਰਦੀਪ ਬੁਟੀਕ’ ਵਿਚ ਸਵੇਰੇ ਕਰੀਬ 4 ਵਜੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਸ ਦੁਕਾਨ ਦੇ ਮਾਲਕ ਕੁਲਦੀਪ ਸਿੰਘ, ਜੋ ਕਿ ਫੌਜੀ ਰਹੇ ਹਨ, ਦਾ ਕਾਫੀ ਨੁਕਸਾਨ ਹੋਇਆ ਹੈ। ਅੱਗ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਮੰਜ਼ਿਲਾਂ ਨੂੰ ਪਲਕ ਝਪਕਦੇ ਹੀ ਆਪਣੀ ਲਪੇਟ ’ਚ ਲੈ ਲਿਆ।
ਕੁਲਦੀਪ ਸਿੰਘ ਫੌਜੀ ਦੀ ਦੁਕਾਨ ’ਚ ਪਏ ਕਰੀਬ 5 ਲੱਖ ਦੀ ਨਕਦੀ ਅਤੇ ਕੀਮਤੀ ਗਹਿਣਿਆਂ ਸਮੇਤ ਕੁੱਲ 50 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਨੇ ਨਾ ਸਿਰਫ ਦੁਕਾਨ ਦਾ ਸਾਰਾ ਸਾਮਾਨ ਸਾੜ ਕੇ ਸੁਆਹ ਕਰ ਦਿੱਤਾ, ਸਗੋਂ ਉੱਪਰਲੀ ਮੰਜ਼ਿਲ, ਜਿੱਥੇ ਪਰਿਵਾਰ ਰਹਿੰਦਾ ਸੀ, ਦਾ ਸਾਰਾ ਘਰੇਲੂ ਸਾਮਾਨ ਅਤੇ ਜਨਰੇਟਰ ਵੀ ਅੱਗ ਦੀ ਭੇਟ ਚੜ੍ਹ ਗਏ।
ਇਸ ਤੋਂ ਇਲਾਵਾ, ਦੁਕਾਨ ਦੇ ਬਿਲਕੁਲ ਨਾਲ ਖੜ੍ਹੀ ਉਨ੍ਹਾਂ ਦੀ ਕਾਰ ਵੀ ਅੱਗ ਨਾਲ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਸਮੇਂ ਦੁਕਾਨ ਦੀ ਉੱਪਰਲੀ ਮੰਜ਼ਿਲ ’ਤੇ ਕੁਲਦੀਪ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਸੋ ਰਿਹਾ ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਮੌਕੇ ’ਤੇ ਕੁਲਦੀਪ ਸਿੰਘ ਦੀ 16 ਸਾਲਾ ਬੇਟੀ ਹਰਲੀਨ ਕੌਰ ਨੇ ਬੇਹੱਦ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਉਸਨੇ ਆਪਣੀਆਂ ਭੈਣਾਂ ਅਤੇ ਆਪਣੀ ਦਾਦੀ ਨੂੰ ਬਹੁਤ ਸਾਵਧਾਨੀ ਨਾਲ ਅੱਗ ਦੀ ਲਪੇਟ ਤੋਂ ਬਚਾਉਂਦਿਆਂ ਬਾਹਰ ਕੱਢਿਆ।
ਇਸ ਘਟਨਾ ਸਥਾਨ ਦੇ ਬਿਲਕੁਲ ਨਾਲ ਰਹਿੰਦੇ ਤਰਪਾਲਾਂ ਵਾਲੀਆਂ ਝੁੱਗੀਆਂ ’ਚ ਰਹਿੰਦੇ ਲੋਕਾਂ ਨੇ ਵੀ ਮਦਦ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਨੇ ਆਪਣੀਆਂ ਤਰਪਾਲਾਂ ਨੂੰ ਪਾੜ ਕੇ ਅਤੇ ਸਹਾਇਕ ਸੰਦਾਂ ਨਾਲ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਖੂਹ ਕਮੇਟੀ ਭਗਤਾ, ਸਤਿਕਾਰ ਕਮੇਟੀ ਕੋਠਾ ਗੁਰੂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ।
ਇਸ ਹਾਦਸੇ ਤੋਂ ਬਾਅਦ ਕਸਬਾ ਭਗਤਾ ਭਾਈ ਦੇ ਲੋਕਾਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਭਿਆਨਕ ਅੱਗ ਨੇ ਇਕ ਪਰਿਵਾਰ ਦੇ ਸੁਪਨਿਆਂ ਨੂੰ ਸੁਆਹ ਕਰ ਦਿੱਤਾ ਹੈ ਪਰ ਹਰਲੀਨ ਕੌਰ ਦੀ ਬਹਾਦਰੀ ਅਤੇ ਸਥਾਨਕ ਲੋਕਾਂ ਦਾ ਸਹਿਯੋਗ ਉਮੀਦ ਦੀ ਇਕ ਕਿਰਨ ਬਣ ਕੇ ਸਾਹਮਣੇ ਆਇਆ ਹੈ।
