SGPC President

ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

-ਐਡਵੋਕੇਟ ਧਾਮੀ ਨੂੰ 117 ਅਤੇ ਕਾਹਨੇਕੇ ਨੂੰ ਮਿਲੀਆਂ 18 ਵੋਟਾਂ, 1 ਵੋਟ ਹੋਈ ਰੱਦ

-ਵਿਰਕ ਸੀਨੀਅਰ ਮੀਤ ਪ੍ਰਧਾਨ, ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡਵਾਲਾ ਬਣੇ ਜਨਰਲ ਸਕੱਤਰ

ਅੰਮ੍ਰਿਤਸਰ, 3 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਸਾਲਾਨਾ ਚੋਣ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ।

ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਕੁੱਲ ਪਈਆਂ 136 ਵੋਟਾਂ ਵਿਚੋਂ 117 ਵੋਟਾਂ ਪ੍ਰਾਪਤ ਕਰ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਮੁਕਾਬਲੇ ਪ੍ਰਧਾਨਗੀ ਦੀ ਚੋਣ ਲੜਨ ਲਈ ਖੜ੍ਹੇ ਜਥੇਦਾਰ ਮਿੱਠੂ ਸਿੰਘ ਕਾਹਨੇਕੇ ਨੂੰ 18 ਵੋਟਾਂ ਪਈਆਂ, ਜਦਕਿ 1 ਵੋਟ ਰੱਦ ਹੋਈ।

ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੌਜੂਦ ਰਹੇ।

ਜਨਰਲ ਇਜਲਾਸ ਦੌਰਾਨ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡਵਾਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਚੁਣੀ ਗਈ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਸੁਰਜੀਤ ਸਿੰਘ ਗੜ੍ਹੀ, ਸੁਰਜੀਤ ਸਿੰਘ ਤੁਗਲਵਾਲ, ਸੁਰਜੀਤ ਸਿੰਘ ਕੰਗ, ਗੁਰਪ੍ਰੀਤ ਸਿੰਘ ਝੱਬਰ, ਦਲਜੀਤ ਸਿੰਘ ਭਿੰਡਰ, ਬੀਬੀ ਹਰਜਿੰਦਰ ਕੌਰ, ਬਲਦੇਵ ਸਿੰਘ ਕਾਇਮਪੁਰ, ਮੇਜਰ ਸਿੰਘ ਢਿੱਲੋਂ, ਮੰਗਵਿੰਦਰ ਸਿੰਘ ਖਾਪੜਖੇੜੀ, ਡਾ. ਜੰਗ ਬਹਾਦਰ ਸਿੰਘ ਰਾਏ ਤੇ ਮਿੱਠੂ ਸਿੰਘ ਕਾਹਨੇਕੇ ਸ਼ਾਮਲ ਹੋਏ।

ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਪ੍ਰਾਪਤ ਹੋਈ ਕੌਮ ਦੀ ਸੇਵਾ : ਐਡਵੋਕੇਟ ਧਾਮੀ

ਐਡਵੋਕੇਟ ਧਾਮੀ ਨੇ ਪ੍ਰਧਾਨ ਚੁਣੇ ਜਾਣ ਮਗਰੋਂ ਕਿਹਾ ਕਿ ਕੌਮ ਦੀ ਸੇਵਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਪ੍ਰਾਪਤ ਹੋਈ ਹੈ, ਜਿਸ ਨੂੰ ਉਹ ਗੁਰੂ ਸਾਹਿਬ ਦੀ ਭੈਅ ਭਾਵਨੀ ਅਨੁਸਾਰ ਨਿਭਾਉਣ ਦਾ ਯਤਨ ਕਰਨਗੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪਹਿਲੀ ਤਰਜੀਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਮਾਗਮਾਂ ਨੂੰ ਕੌਮੀ ਪੱਧਰ ’ਤੇ ਕਰਵਾਉਣਾ ਹੈ। ਉਨ੍ਹਾਂ ਆਪਣੇ ’ਚ ਮੁੜ ਭਰੋਸਾ ਜਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ।

ਐਡਵੋਕੇਟ ਧਾਮੀ ਅਤੇ ਚੁਣੇ ਹੋਰ ਅਹੁਦੇਦਾਰਾਂ ਨੇ ਗੁਰੂ ਸਾਹਿਬ ਦਾ ਕੀਤਾ ਸ਼ੁਕਰਾਨਾ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਅਹੁਦੇਦਾਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਜਿਥੇ ਉਨ੍ਹਾਂ ਨੂੰ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ।

ਐਡਵੋਕੇਟ ਧਾਮੀ ਸਮੇਤ ਅਹੁਦੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗਏ, ਜਿਥੇ ਉਨ੍ਹਾਂ ਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਗਿਆਨੀ ਟੇਕ ਸਿੰਘ ਵੱਲੋਂ ਸਤਿਕਾਰ ਕੀਤਾ ਗਿਆ। ਇਸ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦਫ਼ਤਰ ਵਿਖੇ ਆਪਣਾ ਕਾਰਜਭਾਰ ਸੰਭਾਲਿਆ।

ਪ੍ਰੋ. ਬਡੂੰਗਰ ਨੇ ਕੀਤਾ ਐਡਵੋਕੇਟ ਧਾਮੀ ਦਾ ਨਾਮ ਪੇਸ਼

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕੀਤੀ ਅਤੇ ਮਜੀਦ ਭਾਈ ਰਾਜਿੰਦਰ ਸਿੰਘ ਮਹਿਤਾ ਵੱਲੋਂ ਕੀਤੀ ਗਈ। ਐਡਵੋਕੇਟ ਧਾਮੀ ਦੇ ਮੁਕਾਬਲੇ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਨਾਂ ਦੀ ਤਾਈਦ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਮਜੀਦ ਅਮਰੀਕ ਸਿੰਘ ਸ਼ਾਹਪੁਰ ਨੇ ਕੀਤੀ।

ਇਸ ਉਪਰੰਤ ਹੋਈਆਂ ਵੋਟਾਂ ’ਚ ਐਡਵੋਕੇਟ ਧਾਮੀ 117 ਵੋਟਾਂ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਦਾ ਨਾਂ ਸੁਰਜੀਤ ਸਿੰਘ ਗੜ੍ਹੀ ਨੇ ਪੇਸ਼ ਕੀਤਾ, ਤਾਈਦ ਦਲਜੀਤ ਸਿੰਘ ਭਿੰਡਰ ਅਤੇ ਤਾਈਦ ਮਜੀਦ ਅਜਮੇਰ ਸਿੰਘ ਖੇੜਾ ਨੇ ਕੀਤੀ। ਜੂਨੀਅਰ ਮੀਤ ਪ੍ਰਧਾਨ ਲਈ ਬਲਦੇਵ ਸਿੰਘ ਕਲਿਆਣ ਦਾ ਨਾਂ ਰਘਬੀਰ ਸਿੰਘ ਸਹਾਰਨਮਾਜਰਾ ਵੱਲੋਂ ਪੇਸ਼ ਕੀਤਾ ਗਿਆ, ਤਾਈਦ ਹਰਪ੍ਰੀਤ ਸਿੰਘ ਗਰਚਾ ਅਤੇ ਮਜੀਦ ਸੁਰਜੀਤ ਸਿੰਘ ਕੰਗ ਨੇ ਕੀਤੀ।

ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਦਾ ਨਾਂ ਗੁਰਮੀਤ ਸਿੰਘ ਬੂਹ ਵੱਲੋਂ ਪੇਸ਼ ਕੀਤਾ ਗਿਆ, ਤਾਈਦ ਚਰਨਜੀਤ ਸਿੰਘ ਕਾਲੇਵਾਲ ਅਤੇ ਮਜੀਦ ਗੁਰਨਾਮ ਸਿੰਘ ਜੱਸਲ ਵੱਲੋਂ ਕੀਤੀ ਗਈ। 11 ਮੈਂਬਰੀ ਅੰਤ੍ਰਿੰਗ ਕਮੇਟੀ ਬਣਾਉਣ ਲਈ ਅਮਰਜੀਤ ਸਿੰਘ ਬੰਡਾਲਾ ਨੇ ਤਜਵੀਜ਼ ਪੇਸ਼ ਕੀਤੀ, ਜਿਸ ’ਤੇ ਗੁਰਿੰਦਰਪਾਲ ਸਿੰਘ ਗੋਰਾ ਅਤੇ ਗੁਰਪ੍ਰੀਤ ਸਿੰਘ ਝੱਬਰ ਨੇ ਮੋਹਰ ਲਾਈ। ਜਨਰਲ ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਚਲਾਈ ਗਈ।

ਜਨਰਲ ਹਾਊਸ ਦੌਰਾਨ ਹਾਜ਼ਰ ਰਹੇ ਮੈਂਬਰ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਸਮੇਂ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ 136 ਮੈਂਬਰ ਹਾਜ਼ਰ ਸਨ। ਹਾਜ਼ਰ ਮੈਂਬਰਾਂ ਵਿਚ ਚੁਣੇ ਗਏ ਅਹੁਦੇਦਾਰਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਲਵਿੰਦਰਪਾਲ ਸਿੰਘ ਪੱਖੋਕੇ, ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਬੀਬੀ ਹਰਜਿੰਦਰ ਕੌਰ, ਅਮਰੀਕ ਸਿੰਘ ਜਨੈਤਪੁਰ, ਹਰਪਾਲ ਸਿੰਘ ਪਾਲੀ, ਬਲਦੇਵ ਸਿੰਘ ਕਾਇਮਪੁਰ, ਬੀਬੀ ਮਨਜੀਰ ਕੌਰ ਕੰਧੋਲਾ, ਹਰਭਜਨ ਸਿੰਘ ਮਸਾਣਾਂ, ਬੀਬੀ ਅਮਰਜੀਤ ਕੌਰ, ਗੁਰਮੀਤ ਸਿੰਘ ਤ੍ਰਿਲੋਕੇਵਾਲਾ ਅਾਦਿ ਮੌਜੂਦ ਸਨ।

Read More : ‘ਯੁੱਧ ਨਸ਼ਿਆਂ ਵਿਰੁੱਧ’ : 90 ਨਸ਼ਾ ਸਮੱਗਲਰ ਗ੍ਰਿਫ਼ਤਾਰ

Leave a Reply

Your email address will not be published. Required fields are marked *