ਪੰਜਾਬ ਅਤੇ ਮਹਾਰਾਸ਼ਟਰ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ ਸੰਤ ਨਾਮਦੇਵ ਮਹਾਰਾਸ਼ਟਰ ਭਵਨ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ
ਬਟਾਲਾ, 2 ਨਵੰਬਰ : ਬਟਾਲਾ ਦੇ ਨਜ਼ਦੀਕ ਇਤਿਹਾਸਕ ਅਤੇ ਧਾਰਮਿਕ ਕਸਬਾ ਘੁਮਾਣ ’ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੱਲੋਂ ਸੰਤ ਨਾਮਦੇਵ ਮਹਾਰਾਸ਼ਟਰ ਭਵਨ ਦਾ ਭੂਮੀ ਪੂਜਨ ਕਰਨ ਤੋਂ ਬਾਅਦ ਭਵਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਹਰੱਦ ਸੰਸਥਾ ਪੂਣੇ ਦੇ ਪ੍ਰਧਾਨ ਸੰਜੇ ਨਾਹਰ ਹਾਜ਼ਰ ਸਨ।
ਇਸ ਮੌਕੇ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਵਲੋਂ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਸੰਤ ਨਾਮਦੇਵ ਪੁਰਸਤਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਅੱਜ ਉਨ੍ਹਾਂ ਸੰਤ ਨਾਮਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਕਸਬਾ ਘੁਮਾਣ ’ਚ ਸੰਤ ਨਾਮਦੇਵ ਮਹਾਰਾਸ਼ਟਰ ਭਵਨ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਭਵਨ ਦੇ ਨਿਰਮਾਣ ਲਈ ਪੰਜਾਬ ਸਰਕਾਰ ਵਲੋਂ ਸਰਹੱਦ ਸੰਸਥਾ ਪੂਣੇ ਨੂੰ 2 ਏਕੜ ਜ਼ਮੀਨ ਮੁਹੱਈਆ ਕਰਵਾਈ ਗਈ ਹੈ, ਜਿਸਦੇ ਲਈ ਉਪ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਸੰਤ ਨਾਮਦੇਵ ਮਹਾਰਾਸ਼ਟਰ ਭਵਨ ਪੰਜਾਬ ਅਤੇ ਮਹਾਰਾਸ਼ਟਰ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਸੰਤ ਨਾਮਦੇਵ ਜੀ ਨੇ ਹਮੇਸ਼ਾ ਲੋੜਵੰਦ ਲੋਕਾਂ ਦੀ ਮਦਦ ਕਰਨ ਅਤੇ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਦਾ ਸਾਰਾ ਜੀਵਨ ਮਾਨਵਤਾ ਲਈ ਪ੍ਰੇਰਣਾ ਸਰੋਤ ਹੈ। ਅੱਜ ਘੁਮਾਣ ’ਚ ਪਹੁੰਚ ਕੇ ਲੋਕਾਂ ਦੇ ਦਿਲਾਂ ’ਚ ਸੰਤ ਨਾਮਦੇਵ ਜੀ ਦੇ ਪ੍ਰਤੀ ਪਿਆਰ ਅਤੇ ਸ਼ਰਧਾ ਭਾਵਨਾ ਦੇਖ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ।
ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਖੁਸ਼ਕਿਸਮਤ ਹਨ ਕਿ ਕਸਬਾ ਘੁਮਾਣ ’ਚ ਸ਼੍ਰੀ ਨਾਮਦੇਵ ਦਰਬਾਰ ਘੁਮਾਣ ਵੱਲੋਂ ਉਨ੍ਹਾਂ ਨੂੰ ਸੰਤ ਨਾਮਦੇਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਸੰਤਾਂ ਦੇ ਨਾਮ ਦੇ ਪੁਰਸਕਾਰ ਸਭ ਤੋਂ ਅਹਿਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦ ਸੰਸਥਾ ਪੂਣੇ ਵਲੋਂ ਮਹਾਰਾਸ਼ਟਰ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਲੋੜਵੰਦ ਲੋਕਾਂ ਅਤੇ ਬੱਚਿਆਂ ਦੀ ਮਦਦ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਲ ਸੰਸਥਾ ਦੇ ਪ੍ਰਧਾਨ ਸੰਜੇ ਨਾਹਰ ਅਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।
ਇਸ ਮੌਕੇ ਸਰਹੱਦ ਸੰਸਥਾ ਦੇ ਪ੍ਰਧਾਨ ਸੰਜੇ ਨਾਹਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਮਹਾਰਾਸ਼ਟਰ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਲੋੜਵੰਦ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਅਤੇ ਲੋਕਾਂ ਦੀ ਮਦਦ ਲਈ ਨਿਸਵਾਰਥ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਉਨ੍ਹਾਂ ਦੀ ਸੰਸਥਾ ਵਲੋਂ ਸੰਤ ਨਾਮਦੇਵ ਜੀ ਦੇ ਚਰਨ ਛੂਹ ਪ੍ਰਾਪਤ ਸਥਾਨ ਘੁਮਾਣ ’ਚ ਸੰਤ ਨਾਮਦੇਵ ਮਹਾਰਾਸ਼ਟਰ ਭਵਨ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਭਵਨ ’ਚ ਲੋਕਾਂ ਦੇ ਰਹਿਣ ਲਈ ਕਮਰੇ, ਹਾਲ ਅਤੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਟ੍ਰੇਨਿੰਗ ਸੈਂਟਰ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਭਵਨ ਦੇ ਨਿਰਮਾਣ ਨਾਲ ਜਿਥੇ ਮਹਾਰਾਸ਼ਟਰ ਤੋਂ ਘੁਮਾਣ ਸੰਤ ਨਾਮਦੇਵ ਦਰਬਾਰ ਦੇ ਦਰਸ਼ਨ ਕਰਨ ਲਈ ਆਉਣ ਵਾਲੀਆਂ ਸੰਗਤਾਂ ਨੂੰ ਰਹਿਣ ਦੇ ਲਈ ਸਹੂਲਤ ਮਿਲੇਗੀ। ਅੰਤ ’ਚ ਉਨ੍ਹਾਂ ਸੰਸਥਾ ਨੂੰ 2 ਏਕੜ ਜ਼ਮੀਨ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਵਲੋਂ ਸੰਜੇ ਨਾਹਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Read More : ਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤ
