three pistols

ਗੈਂਗਸਟਰ ਜੱਸਲ ਅਤੇ ਗੁੱਲੂ ਦੇ 2 ਹੋਰ ਕਾਰਕੁਨ ਗ੍ਰਿਫਤਾਰ, ਤਿੰਨ ਪਿਸਤੌਲ ਬਰਾਮਦ

ਦੋਵੇਂ ਮੁਲਜ਼ਮਾਂ ਨੂੰ ਪੰਜਾਬ ’ਚ ਵਿਰੋਧੀ ਗੈਂਗ ਦੇ ਮੈਂਬਰਾਂ ਦੀ ਟਾਰਗੇਟ ਕਿਲਿੰਗ ਦਾ ਕੰਮ ਸੌਂਪਿਆ ਗਿਆ ਸੀ : ਡੀ. ਜੀ. ਪੀ. ਗੌਰਵ ਯਾਦਵ

ਗੁਰਦਾਸਪੁਰ, 2 ਨਵੰਬਰ : ਗੁਰਦਾਸਪੁਰ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅੱਤਵਾਦੀ ਸੰਗਠਨ ਨਾਲ ਸਬੰਧਤ ਕੱਟੜਪੰਥੀ ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ 2 ਹੋਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਜ਼ਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਸਮੇਤ ਬਰਾਮਦ ਤਿੰਨ 32 ਬੋਰ ਪਿਸਤੌਲ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੰਦਿਆ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਵਾਂਸ਼ਹਿਰ ਦੇ ਬੈਂਸ ਦੇ ਰਹਿਣ ਵਾਲੇ ਲਵਦੀਪ ਸਿੰਘ ਉਰਫ਼ ਲਵ ਅਤੇ ਐੱਸ. ਬੀ. ਐੱਸ. ਨਗਰ ਦੇ ਬਹਿਰਾਮ ਦੇ ਪਿੰਡ ਬੀਸਲਾ ਦੇ ਰਹਿਣ ਵਾਲੇ ਟੇਕ ਚੰਦ ਉਰਫ਼ ਟਿੰਕੂ ਵਜੋਂ ਹੋਈ ਹੈ।

ਇਹ ਸਫ਼ਲਤਾ ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਦੋ ਕਾਰਕੁਨਾਂ ਨੂੰ ਇਕ ਆਧੁਨਿਕ 9 ਐੱਮ. ਐੱਮ. ਪਿਸਤੌਲ ਸਮੇਤ ਜਬਰੀ ਵਸੂਲੀ ਨਾਲ ਜੁੜੀਆਂ ਗੋਲੀਬਾਰੀ ਦੀਆਂ ਦੋ ਹਾਲੀਆ ਘਟਨਾਵਾਂ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਾਹਮਣੇ ਆਈ ਹੈ।

ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਦੋਵਾਂ ਮੁਲਜ਼ਮਾਂ ਨੂੰ ਵਿਦੇਸ਼ਾਂ ’ਚ ਉਨ੍ਹਾਂ ਦੇ ਸੰਚਾਲਕਾਂ ਵੱਲੋਂ ਪੰਜਾਬ ਵਿਚ ਦਹਿਸ਼ਤ ਅਤੇ ਅਸ਼ਾਂਤੀ ਫੈਲਾਉਣ ਦੀ ਇਕ ਵੱਡੀ ਸਾਜ਼ਿਸ਼ ਤਹਿਤ ਵਿਰੋਧੀ ਗੈਂਗ ਦੇ ਮੈਂਬਰਾਂ ਦੀ ਟਾਰਗੇਟ ਕਿਲਿੰਗ ਦਾ ਕੰਮ ਸੌਂਪਿਆ ਸੀ। ਉਨ੍ਹਾਂ ਨੇ ਕਿਹਾ ਕਿ ਸਮੁੱਚੇ ਨੈੱਟਵਰਕ ਦੇ ਖ਼ਾਤਮੇ ਲਈ ਇਸ ਕੇਸ ’ਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਡੀ. ਆਈ. ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਦੀ ਨਿਗਰਾਨੀ ਹੇਠ ਗੁਰਦਾਸਪੁਰ ਤੋਂ ਪੁਲਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਕਲਾਨੌਰ, ਗੁਰਦਾਸਪੁਰ ਦੇ ਅੱਡਾ ਬਖਸ਼ੀਵਾਲ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਟੀਮਾਂ ਦੀ ਅਗਵਾਈ ਡੀ. ਐੱਸ. ਪੀ. ਕਲਾਨੌਰ ਗੁਰਵਿੰਦਰ ਸਿੰਘ ਚੰਦੀ, ਇੰਚਾਰਜ ਸਪੈਸ਼ਲ ਟੀਮ ਗੁਰਦਾਸਪੁਰ ਐੱਸ. ਆਈ. ਗੁਰਵਿੰਦਰ ਸਿੰਘ ਅਤੇ ਐੱਸ. ਐੱਚ. ਓ. ਕਲਾਨੌਰ ਇੰਸਪੈਕਟਰ ਜਤਿੰਦਰ ਸਿੰਘ ਕਰ ਰਹੇ ਸਨ। ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ ਪਿਸਤੌਲ ਬਰਾਮਦ ਕਰਨ ਤੋਂ ਇਲਾਵਾ ਪੁਲਸ ਟੀਮਾਂ ਨੇ ਉਨ੍ਹਾਂ ਦੀ ਬਿਨਾਂ ਰਜਿਸਟ੍ਰੇਸ਼ਨ ਨੰਬਰ ਵਾਲੀ ਚਿੱਟੇ ਰੰਗ ਦੀ ਵੌਕਸਵੈਗਨ ਜੈਟਾ ਸੇਡਾਨ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸਦੀ ਵਰਤੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾ ਰਹੀ ਸੀ। ਇਸ ਸਬੰਧ ’ਚ ਗੁਰਦਾਸਪੁਰ ਦੇ ਥਾਣਾ ਕਲਾਨੌਰ ਵਿਖੇ ਅਸਲਾ ਐਕਟ ਦੀ ਧਾਰਾ-25 ਤਹਿਤ ਐੱਫ. ਆਈ. ਆਰ. ਨੰਬਰ 160 ਮਿਤੀ 01.10.25 ਦਰਜ ਕੀਤੀ ਗਈ ਹੈ।

Read More : ਬਿਹਾਰ ਚੋਣਾਂ : ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚੋਂ ਐੱਮ.ਪੀ. ਚੰਨੀ ਬਾਹਰ

Leave a Reply

Your email address will not be published. Required fields are marked *