Prisoner who died

ਮਰਿਆ ਕੈਦੀ ਚਾਰ ਸਾਲ ਬਾਅਦ ਮਿਲਿਆ ਜ਼ਿੰਦਾ

ਨਵੇਂ ਨਾਂ ਨਾਲ ਜੀਅ ਰਿਹਾ ਸੀ ਨਵੀਂ ਜ਼ਿੰਦਗੀ

ਜਲੰਧਰ, 2 ਨਵੰਬਰ : ਜ਼ਿਲਾ ਜਲੰਧਰ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ 4 ਸਾਲ ਬਾਅਦ ਜ਼ਿੰਦਾ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਪੈਰੋਲ ਤੋਂ ਆ ਕੇ ਖ਼ੁਦ ਨੂੰ ਮਰਿਆ ਹੋਇਆ ਐਲਾਨ ਦਿੱਤਾ ਸੀ ਅਤੇ ਆਪਣੀ ਭੂਆ ਦੇ ਘਰ ਸੂਰਾਨੁੱਸੀ ’ਚ ਰਹਿ ਰਿਹਾ ਹੈ।

ਰੇਲਵੇ ਕਾਲੋਨੀ ਦੇ ਰਹਿਣ ਵਾਲੇ ਹਿਮਾਂਸ਼ੂ ਨਾਮ ਦੇ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਰਿਕਾਰਡ ’ਚ ਮਰਿਆ ਦਰਜ ਕੀਤਾ ਹੋਇਆ ਸੀ, ਦਰਅਸਲ ਉਹ ਜ਼ਿੰਦਾ ਸੀ। ਉਸ ਨੇ ਫ਼ਰਜ਼ੀ ਮੌਤ ਦਾ ਸਰਟੀਫਿਕੇਟ ਬਣਵਾ ਕੇ ਆਪਣੀ ਪਛਾਣ ਬਦਲ ਲਈ ਅਤੇ ਨਵੇਂ ਨਾਂ ਨਾਲ ਜ਼ਿੰਦਗੀ ਬਿਤਾ ਰਿਹਾ ਸੀ ਪਰ ਉਸ ਦੀ ਇਹ ਚਲਾਕੀ ਜ਼ਿਆਦਾ ਦਿਨ ਨਹੀਂ ਚੱਲ ਸਕੀ ਕਿਉਂਕਿ ਪੁਲਿਸ ਦੀ ਸਰਗਰਮੀ ਤੇ ਗੁਪਤ ਸੂਚਨਾ ਨੇ ਉਸ ਦੀ ਮੌਤ ਦਾ ਸੱਚ ਖੋਲ੍ਹ ਦਿੱਤਾ।

ਫੜਿਆ ਗਿਆ ਮੁਲਜ਼ਮ ਹਿਮਾਂਸ਼ੂ ਸਾਲ 2018 ’ਚ ਦਰਜ ਜਬਰ-ਜ਼ਨਾਹ ਤੇ ਪੋਕਸੋ ਐਕਟ ਦੇ ਗੰਭੀਰ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। 8 ਅਕਤੂਬਰ 2021 ਨੂੰ ਉਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਪਰ ਵਾਪਸ ਜੇਲ੍ਹ ਆਉਣ ਦੀ ਬਜਾਏ ਉਸ ਨੇ ਖ਼ੁਦ ਨੂੰ ਮਰਿਆ ਦਿਖਾਉਣ ਦਾ ਖੇਡ ਰਚੀ।

ਉਸ ਨੇ ਕਿਸੇ ਅਣਪਛਾਤੇ ਵਿਅਕਤੀ ਦੀ ਮਦਦ ਨਾਲ ਫ਼ਰਜ਼ੀ ਮੌਤ ਦਾ ਸਰਟੀਫਿਕੇਟ ਤਿਆਰ ਕਰਵਾਇਆ ਅਤੇ ਜੇਲ੍ਹ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾ ਦਿੱਤਾ। ਰਿਕਾਰਡ ’ਚ ਹਿਮਾਂਸ਼ੂ ਮਰਿਆ ਦਰਜ ਹੋ ਗਿਆ ਅਤੇ ਉਸ ਦਾ ਨਾਂ ਲਿਸਟ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਹਿਮਾਂਸ਼ੂ ਨੇ ਨਵੀਂ ਪਛਾਣ ਅਪਣਾਈ ਤੇ ਆਪਣੀ ਭੂਆ ਕੋਲ ਸੂਰਾਨੁੱਸੀ ਇਲਾਕੇ ’ਚ ਜਾ ਕੇ ਰਹਿਣ ਲੱਗ ਪਿਆ।

ਉਸ ਨੇ ਆਪਣੀ ਦਾੜੀ ਵਧਾ ਲਈ ਤੇ ਰਹਿਣ-ਸਹਿਣ ਬਦਲ ਲਿਆ। ਨੇੜਲੇ ਲੋਕ ਉਸ ਨੂੰ ਨਵੇਂ ਨਾਂ ਨਾਲ ਜਾਣਦੇ ਸਨ, ਕਿਸੇ ਨੂੰ ਅਹਿਸਾਸ ਨਹੀਂ ਸੀ ਕਿ ਇਹ ਉਹੀ ਸ਼ਖ਼ਸ ਹੈ, ਜਿਹੜਾ ਕਾਨੂੰਨ ਦੀ ਨਜ਼ਰ ’ਚ ਮਰਿਆ ਹੋਇਆ ਦਰਜ ਹੈ ਪਰ ਕੁਝ ਦਿਨ ਪਹਿਲਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਿਸ ਵਿਅਕਤੀ ਨੂੰ ਰਿਕਾਰਡ ’ਚ ਮਰਿਆ ਦਰਜ ਕੀਤਾ ਗਿਆ ਸੀ, ਉਹ ਜ਼ਿੰਦਾ ਹੈ ਤੇ ਨਵੇਂ ਨਾਂ ਨਾਲ ਰਹਿ ਰਿਹਾ ਹੈ।

ਇਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਟੀਮ ਨੇ ਜਦੋਂ ਇਸ ਦੀ ਭੂਆ ਦੇ ਘਰ ਸੂਰਾਨੁੱਸੀ ’ਚ ਛਾਪਾ ਮਾਰਿਆ ਤਾਂ ਉਹ ਕਾਬੂ ਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਪੁੱਛਗਿੱਛ ’ਚ ਦੋਸ਼ ਕਬੂਲ ਕਰ ਲਿਆ।

Read More : ਪੱਛਮੀ ਬੰਗਾਲ ’ਚ ਸਰਹੱਦ ਪਾਰ ਕਰਦੇ 45 ਬੰਗਲਾਦੇਸ਼ੀ ਫੜੇ

Leave a Reply

Your email address will not be published. Required fields are marked *