ਦਸੂਹਾ, 1 ਨਵੰਬਰ : ਥਾਣਾ ਦਸੂਹਾ ਦੇ ਪਿੰਡ ਰਾਘੋਵਾਲ ਦੇ ਸਾਹਿਬ ਸਿੰਘ (21) ਪੁੱਤਰ ਸੁਰਜੀਤ ਸਿੰਘ ਦੀ ਡੌਂਕੀ ਦੌਰਾਨ ਡੌਂਕਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਖਬਰ ਹੈ ।
ਜਾਣਕਾਰੀ ਅਨੁਸਾਰ ਸਾਹਿਬ ਸਿੰਘ ਨੂੰ ਅਮਰੀਕਾ ਭੇਜਣ ਲਈ 1 ਸਾਲ ਪਹਿਲਾਂ ਉਸ ਦੇ ਪਿਤਾ ਸੁਰਜੀਤ ਸਿੰਘ ਅਤੇ ਦਾਦਾ ਸੁੱਚਾ ਸਿੰਘ ਨੰਬਰਦਾਰ ਮੋਰੀਆ ਨੇ 50 ਲੱਖ ਰੁਪਏ 2 ਟ੍ਰੈਵਲ ਏਜੰਟਾਂ ਨੂੰ ਦਿੱਤੇ ਸਨ ਪਰ ਉਨ੍ਹਾਂ ਨੇ ਸਾਹਿਬ ਸਿੰਘ ਨੂੰ ਸਿੱਧਾ ਅਮਰੀਕਾ ਭੇਜਣ ਦੀ ਬਜਾਏ ਡੌਂਕਰਾਂ ਰਾਹੀਂ ਭੇਜ ਦਿੱਤਾ।
ਇਸ ਦੌਰਾਨ ਡੌਂਕਰਾਂ ਨੇ ਵੀਡੀਓ ਵਾਇਰਲ ਕਰ ਕੇ ਉਨ੍ਹਾਂ ਦੇ ਪਰਿਵਾਰ ਕੋਲੋਂ 20 ਹਜ਼ਾਰ ਡਾਲਰ ਦੀ ਮੰਗ ਕੀਤੀ ਸੀ ਪਰ 8 ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਸਾਹਿਬ ਸਿੰਘ ਅਤੇ ਕੈਥਲ ਦੇ ਇਕ ਹੋਰ ਲੜਕੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।
ਮ੍ਰਿਤਕ ਸਾਹਿਬ ਸਿੰਘ ਦੇ ਦਾਦਾ ਸੁੱਚਾ ਸਿੰਘ ਨੰਬਰਦਾਰ ਨੇ ਦੱਸਿਆ ਕਿ 3 ਦਿਨ ਪਹਿਲਾਂ ਹੀ ਉਨ੍ਹਾਂ ਨੂੰ ਕੈਥਲ ਤੋਂ ਸੂਚਨਾ ਮਿਲੀ ਕਿ ਉਨ੍ਹਾਂ ਦੇ ਪੋਤੇ ਸਾਹਿਬ ਸਿੰਘ ਨੂੰ ਡੌਂਕਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਕਰੀਬ 1 ਸਾਲ ਪਹਿਲਾਂ ਦਰਖਾਸਤ ਦਿੱਤੀ ਸੀ ਅਤੇ ਦਸੂਹਾ ਪੁਲਸ ਨੂੰ ਵਾਇਰਲ ਵੀਡੀਓ ਵੀ ਦਿੱਤੀ ਸੀ।
ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਕਰਨ ਉਪਰੰਤ ਕਰਨਾਲ ਦੇ ਏਜੰਟ ਦਵਿੰਦਰ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਦੇ ਵਿਰੁੱਧ ਦਸੂਹਾ ਪੁਲਸ ਨੇ ਕੇਸ ਦਰਜ ਕੀਤਾ ਸੀ, ਜਿਨ੍ਹਾਂ ਨੂੰ 50 ਲੱਖ ਰੁਪਏ ਸਾਹਿਬ ਸਿੰਘ ਨੂੰ ਅਮਰੀਕਾ ਭੇਜਣ ਲਈ ਦਿੱਤੇ ਸੀ।
ਉਸ ਮੌਕੇ ਦੇ ਏ.ਐੱਸ.ਆਈ. ਸਰਬਜੀਤ ਸਿੰਘ ਜੋ, ਇਸ ਸਮੇਂ ਚੌਕੀ ਸਰਾਂ ਵਿਖੇ ਤਾਇਨਾਤ ਹੈ, ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟ੍ਰੈਵਲ ੲੇਜੰਟ ਦਵਿੰਦਰ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਵਿਰੁੱਧ ਕੇਸ ਦਰਜ ਕਰ ਕੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਪਤਨੀ ਕਾਬੂ ਨਹੀਂ ਆਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਣਯੋਗ ਅਦਾਲਤ ਵਿਚ ਕੇਸ ਵੀ ਪੇਸ਼ ਕਰ ਦਿੱਤਾ ਸੀ। ਇਸ ਬਾਰੇ ਜਾਂਚ ਦਸੂਹਾ ਪੁਲਸ ਕਰ ਰਹੀ ਹੈ।
Read More : ਕੈਪਟਨ ਹਰਚਰਨ ਸਿੰਘ ਰੋਡੇ ਦਾ ਦਿਹਾਂਤ
