ਗੁਰਦਾਸਪੁਰ, 1 ਨਵੰਬਰ : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਗੁਰਦਾਸਪੁਰ ਪੁਲਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ 2 ਅੱਤਵਾਦੀਆ ਨੂੰ ਇਕ ਆਧੁਨਿਕ 9 ਐੱਮ. ਐੱਮ. ਗਲੌਕ ਪਿਸਤੌਲ ਸਮੇਤ ਗ੍ਰਿਫਤਾਰ ਕਰ ਕੇ ਜਬਰਨ ਵਸੂਲੀ ਨਾਲ ਜੁੜੀਆਂ ਗੋਲੀਬਾਰੀ ਦੀਆਂ 2 ਹਾਲੀਆ ਵਾਰਦਾਤਾਂ ਦੀ ਗੁੱਥੀ ਹੱਲ ਕਰ ਲਈ ਹੈ।
ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਕੋਟਲਾ ਸੁਲਤਾਨ ਸਿੰਘ ਦੇ ਰਹਿਣ ਵਾਲੇ ਨਿਤੀਸ਼ ਸਿੰਘ ਅਤੇ ਗੁਰਦਾਸਪੁਰ ਦੇ ਦਿਓਲ ਦੇ ਰਹਿਣ ਵਾਲੇ ਕਰਨ ਮਸੀਹ ਉਰਫ ਅਜੇ ਉਰਫ ਅੱਜੂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ 22 ਸਤੰਬਰ, 2025 ਨੂੰ 2 ਬਾਈਕ ਸਵਾਰ ਵਿਅਕਤੀਆਂ ਨੇ ਇਕ ਮੈਡੀਕਲ ਸਟੋਰ ਦੇ ਮਾਲਕ ’ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਫੱਟੜ ਕਰ ਦਿੱਤਾ। ਇਸੇ ਤਰ੍ਹਾਂ 15 ਅਕਤੂਬਰ 2025 ਨੂੰ ਦੋ ਬਾਈਕ ਸਵਾਰਾਂ ਨੇ ਕਲਾਨੌਰ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਗੋਲੀਬਾਰੀ ਕੀਤੀ ਸੀ। ਦੋਵਾਂ ਕੇਸਾਂ ਵਿਚ ਪੀੜਤਾਂ ਨੂੰ ਅਣਪਛਾਤੇ ਮੋਬਾਈਲ ਨੰਬਰਾਂ ਤੋਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਅੱਤਵਾਦੀ ਸੰਗਠਨ ਨਾਲ ਜੁੜੇ ਵਿਦੇਸ਼ੀ ਕੱਟੜਪੰਥੀ ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ ਗੁੱਲੂ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਸਨ। ਡੀ. ਜੀ. ਪੀ. ਨੇ ਸਪੱਸ਼ਟ ਕੀਤਾ ਕਿ ਦੋਵੇਂ ਮੁਲਜ਼ਮ ਇਕ ਮੈਡੀਕਲ ਸਟੋਰ ਅਤੇ ਇਕ ਹਸਪਤਾਲ ਦੇ ਮਾਲਕ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗੋਲੀਬਾਰੀ ਵਿਚ ਸ਼ਾਮਲ ਸਨ। ਇਸ ਮਾਮਲੇ ਵਿਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਦੋਵਾਂ ਖਿਲਾਫ ਜਾਰੀ ਹੋਵੇਗਾ ਰੈੱਡ ਕਾਰਨਰ ਨੋਟਿਸ
ਇਸ ਸਬੰਧੀ ਡੀ. ਆਈ. ਜੀ. ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਪੁਖਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਗੁਰਦਾਸਪੁਰ ਤੋਂ ਪੁਲਸ ਟੀਮਾਂ ਨੇ ਕਲਾਨੌਰ ਦੇ ਪਿੰਡ ਉੱਪਲ ਦੇ ਟੀ-ਪੁਆਇੰਟ ਤੋਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਟੀਮਾਂ ਦੀ ਅਗਵਾਈ ਡੀ. ਐੱਸ. ਪੀ. ਕਲਾਨੌਰ ਗੁਰਵਿੰਦਰ ਸਿੰਘ ਚੰਦੀ, ਇੰਚਾਰਜ ਵਿਸ਼ੇਸ਼ ਟੀਮ ਗੁਰਦਾਸਪੁਰ ਐੱਸ. ਆਈ. ਗੁਰਵਿੰਦਰ ਸਿੰਘ ਅਤੇ ਐੱਸ. ਐੱਚ. ਓ. ਕਲਾਨੌਰ ਇੰਸਪੈਕਟਰ ਜਤਿੰਦਰ ਸਿੰਘ ਕਰ ਰਹੇ ਸਨ।
ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਪੁਲਸ ਟੀਮਾਂ ਗੁਰਲਾਲ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕਰ ਰਹੀਆਂ ਹਨ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆਂ ਵੀ ਜਾਰੀ ਹੈ। ਇਸ ਸਬੰਧੀ ਥਾਣਾ ਕਲਾਨੌਰ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Read More : ਸੰਗਰੂਰ ਦੀਆਂ ਲੜਕੀਆਂ ਬਣੀਆਂ ਬੇਸਬਾਲ ਅੰਤਰ ਜ਼ਿਲਾ ਸਕੂਲ ਖੇਡਾਂ ’ਚ ਚੈਪੀਅਨ
