ਭਾਜਪਾ ਕੈਪਟਨ ਤੋਂ ਪੁੱਛੇ ਕਿ ਕੀ ਅਰੂਸਾ ਇਸੇ ‘ਸ਼ੀਸ਼ ਮਹਿਲ’ ’ਚ ਰਹਿੰਦੀ ਸੀ
* ਬਿੱਟੂ ਪੰਜਾਬ ਸਰਕਾਰ ਦੇ ਘਰ ’ਤੇ ਕਬਜ਼ਾ ਕਰ ਕੇ ਬੈਠਾ ਹੈ, ਕੀ ਉਹ ‘ਸ਼ੀਸ਼ ਮਹਿਲ’ ਨਹੀਂ
ਚੰਡੀਗੜ੍ਹ, 1 ਨਵੰਬਰ :-ਬੇਬੁਨਿਆਦ ਪ੍ਰਚਾਰ ਨਾਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਭਾਜਪਾ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵਾ ਪਾਰਟੀ ਦੇ ਆਗੂਆਂ ਨੂੰ ‘ਸ਼ੀਸ਼ ਮਹਿਲ’ ਬਾਰੇ ਆਪਣੇ ਦਾਅਵਿਆਂ ਨੂੰ ਪ੍ਰਮਾਣਿਤ ਸਬੂਤਾਂ ਨਾਲ ਸਾਬਤ ਕਰਨ ਦੀ ਚੁਣੌਤੀ ਦਿੱਤੀ।
ਇਕ ਵੀਡੀਓ ਸੰਦੇਸ਼ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਦੇਸ਼ ਭਰ ’ਚ ਖਾਸ ਕਰ ਕੇ ਗੁਜਰਾਤ ’ਚ ਆਮ ਆਦਮੀ ਪਾਰਟੀ ਦੇ ਵਧ ਰਹੇ ਆਧਾਰ ਤੋਂ ਪ੍ਰੇਸ਼ਾਨ ਹੈ, ਜਿਸ ਕਾਰਨ ਉਹ ਅਜਿਹੇ ਘਟੀਆ ਹੱਥਕੰਡੇ ਅਪਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਰੁੱਧ ਕੋਈ ਵੀ ਠੋਸ ਮੁੱਦਾ ਨਾ ਹੋਣ ਕਰ ਕੇ ਭਾਜਪਾ ਜ਼ਹਿਰ ਉਗਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਗਵਾ ਪਾਰਟੀ ਕੋਲ ਸੂਬੇ ਲਈ ਕੋਈ ਰੋਡਮੈਪ ਨਹੀਂ ਹੈ, ਜਿਸ ਕਰ ਕੇ ਇਹ ਪਾਰਟੀ ਸੂਬਾ ਸਰਕਾਰ ਨੂੰ ਬਦਨਾਮ ਕਰਨ ਲਈ ਤੋੜ-ਮਰੋੜ ਕੇ ਪੇਸ਼ ਕੀਤੀਆਂ ਵੀਡੀਓਜ਼ ਤੇ ਅਜਿਹੇ ਬੇਤੁਕੇ ਦਾਅਵਿਆਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਮਾਨ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਸੂਬੇ ਦੀ ਕਮਾਨ ਸੰਭਾਲੀ ਹੈ, ਚੰਡੀਗੜ੍ਹ ’ਚ ਕੋਠੀ ਨੰਬਰ 45 ਮੁੱਖ ਮੰਤਰੀ ਦਾ ਸਰਕਾਰੀ ਨਿਵਾਸ ਹੈ, ਜਦਕਿ ਕੋਠੀ ਨੰਬਰ 50 ਉਨ੍ਹਾਂ ਦਾ ਗੈਸਟ ਹਾਊਸ/ਕੈਂਪ ਦਫ਼ਤਰ ਹੈ। ਇਸ ਘਰ ’ਚ ਕਈ ਮਹੱਤਵਪੂਰਨ ਮੀਟਿੰਗਾਂ ਹੁੰਦੀਆਂ ਹਨ ਤੇ ਸੂਬੇ ’ਚ ਆਉਣ ਵਾਲੇ ਪਤਵੰਤਿਆਂ ਨੂੰ ਵੀ ਇਸ ਘਰ ’ਚ ਠਹਿਰਾਇਆ ਜਾਂਦਾ ਹੈ। ਇਹ ਘਰ ਕਿਸੇ ਨੂੰ ਅਲਾਟ ਨਹੀਂ ਕੀਤਾ ਗਿਆ ਹੈ ਤੇ ਇਸ ਨੂੰ ਸਿਰਫ਼ ਖਾਸ ਮਹਿਮਾਨਾਂ ਲਈ ਕੈਂਪ ਹਾਊਸ-ਕਮ-ਰੈਸਟ ਹਾਊਸ ਵਜੋਂ ਵਰਤਿਆ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ੀਸ਼ ਮਹਿਲ ਨਹੀਂ ਹਨ, ਸਗੋਂ ਉਹ ਰਿਹਾਇਸ਼ਾਂ ਹਨ, ਜਿਨ੍ਹਾਂ ਦੀ ਵਰਤੋਂ ਪੰਜਾਬੀਆਂ ਵੱਲੋਂ ਚੁਣੇ ਗਏ ਆਮ ਆਗੂਆਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਮਹਿਲ ਹਨ, ਉਹ ਹੁਣ ਭਾਜਪਾ ਨਾਲ ਜਾ ਰਲੇ ਹਨ ਅਤੇ ਉਹ ਕਦੇ ਵੀ ਇਨ੍ਹਾਂ ਸਰਕਾਰੀ ਕੋਠੀਆਂ ਵਿਚ ਨਹੀਂ ਰਹੇ, ਬਲਕਿ ਇਹ ਕੋਠੀਆਂ ਉਨ੍ਹਾਂ ਦੇ ਸਟਾਫ਼ ਅਤੇ ਨਜ਼ਦੀਕੀਆਂ ਨੇ ਮੱਲੀਆਂ ਹੋਈਆਂ ਸਨ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਭਾਜਪਾ ਆਗੂਆਂ ਅਤੇ ਸੁਖਬੀਰ ਸਿੰਘ ਬਾਦਲ ਵਰਗੇ ਭਗਵਾ ਪਾਰਟੀ ਦੇ ਪੁਰਾਣੇ ਦੋਸਤਾਂ ਨੇ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰ ਕੇ ਵੱਡੇ-ਵੱਡੇ ਮਹਿਲ ਬਣਾਏ ਹਨ ਪਰ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੈਪਟਨ ਤੋਂ ਪੁੱਛੇ ਕਿ ਕੀ ਅਰੂਸਾ ਇਸੇ ‘ਸ਼ੀਸ਼ ਮਹਿਲ’ ’ਚ ਰਹਿੰਦੀ ਸੀ।
ਭਾਜਪਾ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਭਗਵਾ ਪਾਰਟੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਚੰਡੀਗੜ੍ਹ ਵਿਖੇ ਇਕ ਘਰ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ, ਜੋ ਕਦੇ ਉਨ੍ਹਾਂ ਦੇ ਚਾਚਾ ਤੇਜ ਪ੍ਰਕਾਸ਼ ਸਿੰਘ ਨੂੰ ਅਲਾਟ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਈ ਵਾਰ ਯਾਦ ਦਿਵਾਉਣ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਨੇ ਭਾਜਪਾ ਆਗੂ ਤੋਂ ਇਸ ਸ਼ੀਸ਼ ਮਹਿਲ ਨੂੰ ਖਾਲੀ ਕਰਵਾਉਣ ਵੱਲ ਕਦੇ ਧਿਆਨ ਨਹੀਂ ਦਿੱਤਾ। ਮਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਭਾਜਪਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।
Read More : ਅਮਰੀਕਾ ’ਚ 2 ਨਵੰਬਰ ਨੂੰ 1 ਘੰਟਾ ਪਿੱਛੇ ਹੋਣਗੀਆਂ ਘੜੀਆਂ
