ਸੈਕਸ ਤੋਂ ਮਨਾ ਕਰਨ ’ਤੇ ਪਤਨੀ ਨੂੰ ਛੱਤ ਤੋਂ ਹੇਠਾਂ ਸੁੱਟਿਆ
ਝਾਂਸੀ, 30 ਅਕਤੂਬਰ :-ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੈਕਸ ਤੋਂ ਮਨਾ ਕਰਨ ’ਤੇ ਇਕ ਪਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ 30 ਫੁੱਟ ਉੱਚੀ ਘਰ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਔਰਤ ਡਿੱਗਣ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਈ ਅਤੇ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਘਟਨਾ ਕੋਤਵਾਲੀ ਮਊਰਾਣੀਪੁਰ ਥਾਣਾ ਖੇਤਰ ਦੇ ਪਿੰਡ ਸਿਆਵਰੀ ਦੀ ਹੈ। ਪੀੜਤਾ ਤੀਜਾ ਨੇ ਦੱਸਿਆ ਕਿ ਉਸਦੀ ਲਵ ਮੈਰਿਜ ਸਾਲ 2022 ਵਿਚ ਪਿੰਡ ਦੇ ਹੀ ਮੁਕੇਸ਼ ਨਾਲ ਹੋਈ ਸੀ। ਵਿਆਹ ਤੋਂ ਬਾਅਦ ਸ਼ੁਰੂ ਵਿਚ ਸਭ ਕੁਝ ਆਮ ਵਾਂਗ ਰਿਹਾ ਪਰ ਬਾਅਦ ਵਿਚ ਪਤੀ ਦਾ ਵਿਵਹਾਰ ਬਦਲ ਗਿਆ। ਉਹ ਆਏ ਦਿਨ ਕੁੱਟਮਾਰ ਕਰਨ ਲੱਗਾ ਅਤੇ ਜਬਰੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ।
ਬੀਤੀ ਦੇਰ ਰਾਤ ਵੀ ਜਦੋਂ ਔਰਤ ਨੇ ਜਬਰੀ ਸਰੀਰਕ ਸਬੰਧ ਬਣਾਉਣ ਤੋਂ ਮਨਾ ਕੀਤਾ ਤਾਂ ਮੁਲਜ਼ਮ ਪਤੀ ਨੇ ਉਸਨੂੰ ਛੱਤ ਤੋਂ ਧੱਕਾ ਦੇ ਦਿੱਤਾ। ਚੀਕਾਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਪੀੜਤਾ ਨੂੰ ਸੀ. ਐੱਚ. ਸੀ. ਮਊਰਾਣੀਪੁਰ ਪਹੁੰਚਾਇਆ, ਜਿਥੋਂ ਉਸਨੂੰ ਮੈਡੀਕਲ ਕਾਲਜ ਝਾਂਸੀ ਰੈਫਰ ਕੀਤਾ ਗਿਆ।
ਥਾਣਾ ਇੰਚਾਰਜ ਵਿਦਿਆਸਾਗਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦੀ ਤਹਿਰੀਰ ਮਿਲਣ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
Read More : ਕਸਟਮ ਵਿਭਾਗ ਦਾ ਸਾਬਕਾ ਅਧਿਕਾਰੀ 27 ਕਰੋੜ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ
