Aam Aadmi Clinic

ਮਾਨ ਸਰਕਾਰ ਨੇ ਵਧਾਇਆ ‘ਆਮ ਆਦਮੀ ਕਲੀਨਿਕ’ ਦਾ ਦਾਇਰਾ

ਹੁਣ ਜੇਲਾਂ ’ਚ ਵੀ ਮਿਲੇਗੀ ਮੁਫ਼ਤ ਦਵਾਈ-ਟੈਸਟ ਦੀ ਸਹੂਲਤ

ਚੰਡੀਗੜ੍ਹ, 28 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ‘ਆਮ ਆਦਮੀ ਕਲੀਨਿਕ’ ਯੋਜਨਾ ਨੇ ਸੂਬੇ ਦੀ ਸਿਹਤ ਪ੍ਰਣਾਲੀ ’ਚ ਇਕ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਹੁਣ ਇਹ ਇਤਿਹਾਸਕ ਪਹਿਲ ਜੇਲਾਂ ਦੀਆਂ ਉੱਚੀਆਂ ਕੰਧਾਂ ਤੋਂ ਪਾਰ ਵੀ ਪਹੁੰਚਣ ਵਾਲੀ ਹੈ।

ਸਿਹਤ ਸੇਵਾਵਾਂ ਦੇ ਖੇਤਰ ’ਚ 4.20 ਕਰੋੜ ਤੋਂ ਵੱਧ ਮਰੀਜ਼ਾਂ ਦੇ ਸਫਲ ਇਲਾਜ ਅਤੇ ਰੋਜ਼ਾਨਾ 73,000 ਲੋਕਾਂ ਨੂੰ ਮੁਫ਼ਤ ਸੇਵਾ ਪ੍ਰਦਾਨ ਕਰ ਕੇ ਮਾਨ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਨੀਅਤ ਅਤੇ ਨੀਤੀ, ਆਮ ਲੋਕਾਂ ਦੀ ਭਲਾਈ ਲਈ ਸਮਰਪਿਤ ਹੈ।

ਮਾਨ ਸਰਕਾਰ ਦਾ ਇਹ ਫ਼ੈਸਲਾਕੁਨ ਕਦਮ ਹੁਣ ਸੂਬੇ ਦੀਆਂ ਸਾਰੀਆਂ 10 ਕੇਂਦਰੀ ਜੇਲਾਂ ’ਚ ‘ਆਮ ਆਦਮੀ ਕਲੀਨਿਕ’ ਸਥਾਪਿਤ ਕਰਨ ਦੀ ਦਿਸ਼ਾ ’ਚ ਵੱਧ ਰਿਹਾ ਹੈ। ਇਹ ਪਹਿਲ ਸਿਰਫ਼ ਸਿਹਤ ਸੁਧਾਰ ਦਾ ਕਦਮ ਨਹੀਂ ਹੈ, ਸਗੋਂ ‘ਸੇਵਕ’ ਸਰਕਾਰ ਦੇ ਉਸ ਫਲਸਫੇ ਦਾ ਪ੍ਰਤੀਕ ਹੈ, ਜਿੱਥੇ ਹਰ ਨਾਗਰਿਕ, ਭਾਵੇਂ ਉਹ ਸਮਾਜ ਦਾ ਹੋਵੇ ਜਾਂ ਜੇਲ ਦੇ ਅੰਦਰ, ਮੁਫ਼ਤ ਅਤੇ ਮਿਆਰੀ ਸਿਹਤ ਸੇਵਾ ਦਾ ਹੱਕਦਾਰ ਹੈ।

ਜੇਲਾਂ ’ਚ ‘ਆਮ ਆਦਮੀ ਕਲੀਨਿਕ’ ਸਥਾਪਿਤ ਕਰਨ ਦਾ ਇਹ ਪ੍ਰਸਤਾਵ ਜੇਲਾਂ ’ਚ ਵੱਧ ਭੀੜ (ਓਵਰਕਰਾਊਡਿੰਗ) ਅਤੇ ਕੈਦੀਆਂ ’ਚ ਹੈਪੇਟਾਈਟਸ ਸੀ, ਐੱਚ.ਆਈ.ਵੀ. ਅਤੇ ਟੀਬੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਇਕ ਮਹੱਤਵਪੂਰਨ ਕਦਮ ਹੈ।

ਹਾਲਾਂਕਿ ਪੰਜਾਬ ਸਿਹਤ ਵਿਭਾਗ ਕੋਲ ਪਹਿਲਾਂ ਹੀ ਸੂਬੇ ਦੀਆਂ ਸਾਰੀਆਂ ਜੇਲਾਂ ’ਚ 24×7 ਮੈਡੀਕਲ ਅਫ਼ਸਰ ਤਾਇਨਾਤ ਹਨ ਪਰ ਇਹ ਨਵੀਨਤਮ ਪਹਿਲ ਮੌਜੂਦਾ ਸਿਹਤ ਢਾਂਚੇ ਨੂੰ ਮਜ਼ਬੂਤੀ ਦੇਵੇਗੀ ਅਤੇ ਵਿਸ਼ੇਸ਼ ਸਹੂਲਤਾਂ ਦਾ ਵਿਸਤਾਰ ਕਰੇਗੀ।

ਸਿਹਤ ਵਿਭਾਗ ਵੱਲੋਂ ਇਨ੍ਹਾਂ ਕਲੀਨਿਕਾਂ ਲਈ ਜਗ੍ਹਾ ਦੀ ਪਛਾਣ ਸ਼ੁਰੂ ਹੋ ਚੁੱਕੀ ਹੈ, ਜਿੱਥੇ ਕੈਦੀਆਂ ਨੂੰ 107 ਪ੍ਰਕਾਰ ਦੀਆਂ ਮੁਫ਼ਤ ਦਵਾਈਆਂ ਅਤੇ 47 ਪ੍ਰਕਾਰ ਦੇ ਮੁਫ਼ਤ ਡਾਇਗਨੌਸਟਿਕ ਟੈਸਟ ਦੀ ਸਹੂਲਤ ਮਿਲੇਗੀ, ਜੋ ਉਨ੍ਹਾਂ ਦੇ ਇਲਾਜ ’ਚ ਅਭੂਤਪੂਰਵ ਸੁਧਾਰ ਲਿਆਵੇਗਾ।

ਪੰਜਾਬ ’ਚ 881 ‘ਆਮ ਆਦਮੀ ਕਲੀਨਿਕ’ ਸਫ਼ਲਤਾਪੂਰਵਕ ਕੰਮ ਕਰ ਰਹੇ ਹਨ ਅਤੇ ਜਲਦ ਹੀ 236 ਨਵੇਂ ਕਲੀਨਿਕ ਖੁੱਲ੍ਹਣ ਜਾ ਰਹੇ ਹਨ, ਜਿਸ ਲਈ ਸਰਕਾਰ ਨੇ ਹਾਲ ਹੀ ’ਚ ਟੈਂਡਰ ਜਾਰੀ ਕੀਤੇ ਹਨ। ਇਸ ਵਿਸਤਾਰ ਨਾਲ ਸੂਬੇ ’ਚ ਕਾਰਜਸ਼ੀਲ ਕਲੀਨਿਕਾਂ ਦੀ ਕੁੱਲ ਗਿਣਤੀ ਲਗਭਗ 1,117 ਹੋ ਜਾਵੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ‘ਚੰਗੀ ਸਿਹਤ’ ਕੇਵਲ ਇਕ ਨਾਅਰਾ ਨਹੀਂ, ਸਗੋਂ ਸਰਕਾਰ ਦੀ ਸਰਵਉੱਚ ਤਰਜੀਹ ਹੈ। ਜੇਲਾਂ ’ਚ ਇਸ ਯੋਜਨਾ ਦਾ ਵਿਸਤਾਰ ਕਰ ਕੇ ਸਰਕਾਰ ਨੇ ਸਮਾਜ ਦੇ ਸਭ ਤੋਂ ਵਾਂਝੇ ਅਤੇ ਅਦਿੱਖ ਵਰਗ ਤੱਕ ਵੀ ਭਲਾਈ ਸੇਵਾਵਾਂ ਨੂੰ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਮਾਨ ਸਰਕਾਰ ਦੀ ਇਹ ਪਹਿਲ ਪੰਜਾਬ ਨੂੰ ਦੇਸ਼ ਵਿੱਚ ਇੱਕ ਮੋਹਰੀ ਸਿਹਤ ਮਾਡਲ ਵਜੋਂ ਸਥਾਪਤ ਕਰ ਰਹੀ ਹੈ।

Read More : ਬੈਂਸ ਤੇ ਬਾਲੀ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

Leave a Reply

Your email address will not be published. Required fields are marked *