ਬਠਿੰਡਾ : ਬੀਤੀ ਰਾਤ ਪਿੰਡ ਫੁੱਲੋਂ ਮਿੱਠੀ ਵਿਖੇ ਸਥਿਤ ਡੇਰਾ ਨਾਗਾ ਬਾਬਾ ਸੰਧਿਆਪੁਰੀ ’ਚ ਅਚਾਨਕ ਅੱਗ ਲੱਗਣ ਕਾਰਨ ਡੇਰੇ ਦੇ ਮੁੱਖ ਸੇਵਾਦਾਰ ਬਜ਼ੁਰਗ ਬਾਬਾ ਸ਼੍ਰੀ ਦਾਸ ਜੀ ਦੀ ਜਿਉਂਦਾ ਸੜਨ ਕਾਰਨ ਮੌਤ ਹੋ ਗਈ ਹੈ।

ਇਸ ਦੌਰਾਨ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਸਮੇਂ ਰਾਤ ਨੂੰ ਕਮਰੇ ਅੰਦਰ ਅੱਗ ਲੱਗੀ, ਉਸ ਸਮੇਂ ਬਾਬਾ ਸ਼੍ਰੀ ਦਾਸ ਜੀ ਨਾਲ ਇਕ ਹੋਰ ਵਿਅਕਤੀ ਕਮਰੇ ਅੰਦਰ ਸੁੱਤਾ ਪਿਆ ਸੀ, ਜਿਸ ਨੇ ਬਾਬਾ ਜੀ ਨੂੰ ਕਮਰੇ ਅੰਦਰ ਅੱਗ ਲੱਗਣ ਬਾਰੇ ਦੱਸਿਆ। ਬਾਬਾ ਜੀ ਨੇ ਉਸ ਨੂੰ ਪਾਣੀ ਲਿਆ ਕੇ ਅੱਗ ਬੁਝਾਉਣ ਲਈ ਕਿਹਾ। ਜਿਉਂ ਹੀ ਉਕਤ ਵਿਅਕਤੀ ਨੇ ਪਾਣੀ ਲਿਆਉਣ ਲਈ ਕਮਰੇ ਦਾ ਦਰਵਾਜਾ ਖੋਲ੍ਹਿਆ ਤਾਂ ਅੱਗ ਨੇ ਸਮੁੱਚੇ ਕਮਰੇ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਬਾਬਾ ਸ਼੍ਰੀ ਦਾਸ ਦੀ ਘਟਨਾ ਸਥਾਨ ’ਤੇ ਹੀ ਅੱਗ ਵਿਚ ਸੜਨ ਕਾਰਨ ਮੌਤ ਹੋ ਗਈ।ਇਹ ਘਟਨਾ ਰਾਤ 2 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।ਬਾਬਾ ਸ਼੍ਰੀ ਦਾਸ ਜੀ ਪਿਛਲੇ ਆਠ ਸਾਲ ਤੋਂ ਡੇਰੇ ਦੇ ਸੇਵਾਦਾਰ ਵਜੋਂ ਆਪਣੀਆ ਸੇਵਾਵਾ ਦੇ ਰਹੇ ਸਨ।
ਉਕਤ ਡੇਰੇ ਵਿਚ ਬੁੱਧਵਾਰ ਨੂੰ ਹੀ ਨਵੇਂ ਸਾਲ ਦੀ ਇਕ ਤਰੀਕ ਨੂੰ ਸਾਲਾਨਾ ਸਮਾਗਮ ਸੀ। ਇਸ ਸਮਾਗਮ ‘ਚ ਵੱਡੀ ਗਿਣਤੀ ਡੇਰਾ ਸਰਧਾਲੂਆਂ ਨੇ ਸ਼ਿਰਕਤ ਕੀਤੀ ਸੀ, ਉਸੇ ਰਾਤ ਨੂੰ ਹੀ ਉਕਤ ਅਣਹੋਣੀ ਘਟਨਾ ਵਾਪਰ ਗਈ।
ਪਿੰਡ ਵਾਸੀਆਂ ਅਨੁਸਾਰ ਜਿਸ ਕਮਰੇ ਅੰਦਰ ਅੱਗ ਲੱਗੀ ਉਸ ਕਮਰੇ ਦੀਆਂ ਕੰਧਾਂ ਪੱਕੀਆਂ ਸਨ ਪਰ ਛੱਤ ਕੱਚੀ ਕਾਨਿਆ ਦੀ ਸੀ। ਅੱਗ ਲੱਗਣ ਕਾਰਨ ਕਮਰੇ ਅੰਦਰ ਰੱਖਿਆ ਹੋਰ ਵੀ ਸਮਾਨ ਸੜ ਗਿਆ ਹੈ।
ਸੰਗਤ ਸਹਾਰਾ ਸੇਵਾ ਸੰਸਥਾ ਦੇ ਵਲੰਟੀਅਰ ਸਿਕੰਦਰ ਕੁਮਾਰ ਮਛਾਣਾ ਦਾ ਕਹਿਣਾ ਸੀ ਕਿ ਉਕਤ ਘਟਨਾ ਸਬੰਧੀ ਰਾਤ 4 ਵਜੇ ਦੇ ਕਰੀਬ ਕਾਲ ਆਈ ਸੀ, ਜਦੋਂ ਉਹ ਘਟਨਾ ਸਥਾਨ ’ਤੇ ਅੈਂਬੂਲੈਂਸ ਲੈ ਕੇ ਪਹੁੰਚੇ ਤਾਂ ਉਥੇ ਪੁਲਸ ਸਮੇਤ ਡੇਰੇ ਦੇ ਕੁਝ ਸੇਵਾਦਾਰ ਮੌਜੂਦ ਸਨ, ਜਿਨ੍ਹਾਂ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਸਬੰਧੀ ਥਾਣਾ ਸੰਗਤ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।