ਚੰਡੀਗੜ੍ਹ, 24 ਅਕਤੂਬਰ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੜਕੀ ਪ੍ਰੋਜੈਕਟਾਂ ‘ਚ ਤੇਜ਼ੀ ਲਿਆਉਣ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੇ ਮੱਦੇਨਜ਼ਰ ਪ੍ਰੋਜੈਕਟਾਂ ਨੂੰ 15 ਨਵੰਬਰ 2025 ਤੋਂ ਪਹਿਲਾਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਸ੍ਰੀ ਅਨੰਦਪੁਰ ਸਾਹਿਬ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਅਤੇ ਸੜਕਾਂ ਤੇ ਲਾਈਟਾਂ ਦੀ ਅਪਗ੍ਰੇਡਸ਼ਨ ਦੀ ਯੋਜਨਾ ਨੂੰ ਚੰਡੀਗੜ੍ਹ ਸਰਕਲ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਅੰਤਿਮ ਰੂਪ ਦੇ ਦਿੱਤਾ ਹੈ। ਮਿੱਥੇ ਕੰਮਾਂ ਅਤੇ ਇਨ੍ਹਾਂ ਕੰਮਾਂ ਨਾਲ ਸਬੰਧਤ ਰੱਖ-ਰਖਾਅ ਕਾਰਜਾਂ ਲਈ ਕਰੀਬ 24.51 ਕਰੋੜ ਰੁਪਏ ਦੇ ਕੁੱਲ ਅਨੁਮਾਨਿਤ ਫੰਡ ਰੱਖ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਕਾਰਜ ਯੋਜਨਾ ‘ਚ ਸ੍ਰੀ ਅਨੰਦਪੁਰ ਸਾਹਿਬ ਤੋਂ ਦਸ਼ਮੇਸ਼ ਅਕੈਡਮੀ ਰੋਡ, ਸ਼ਹਿਰ ਦੀਆਂ ਅੰਦਰਲੀਆਂ ਸੜਕਾਂ,ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਨੈਣਾ ਦੇਵੀ ਰੋਡ ਅਤੇ ਹੋਰ ਸੜਕਾਂ ਦੀ ਅਪਗ੍ਰੇਡਸ਼ਨ ਸ਼ਾਮਲ ਹੈ।
ਇਸ ‘ਚ 23 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਸੜਕਾਂ,ਪੁਲਾਂ ਅਤੇ ਕੰਨੈਕਟਡ ਲੇਨਜ਼ ਦੀ ਅਪਗ੍ਰੇਡਸ਼ਨ ਕਰਨਾ ਵੀ ਸਾ਼ਮਲ ਹੈ। ਇਸਦੇ ਨਾਲ ਹੀ ਵਿਸ਼ੇ਼ਸ਼ ਮੁਰੰਮਤ ਅਤੇ ਰੱਖ-ਰਖਾਵ ਦੇ ਕੰਮਾਂ ਦੇ ਲਈ 77.58 ਲੱਖ ਦੀ ਵਾਧੂ ਰਾਸ਼ੀ ਅਲਾਟ ਕੀਤੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਰੰਮਤ ਕਾਰਜਾਂ ‘ਚ ਸੜਕਾਂ ਅਤੇ ਸੜਕਾਂ ਦੇ ਕਿਨਾਰੇ ਲੱਗੀਆਂ ਲਾਈਟਾਂ ਦੀ ਅਪਗ੍ਰੇਸਡਸ਼ਨ ਤੇ ਮੁਰੰਮਤ ਨੂੰ ਤਰਜੀਹ ਦਿੱਤੀ ਹੈ। ਇਸ ਤੋਂ ਇਲਾਵਾ ਕਾਰਜਕੁਸ਼ਲਤਾ ਤੇ ਸੁਰੱਖਿਆ ਨੂੰ ਵਧਾਉਣ ਲਈ ਰੈਗੂਲਰ ਅਤੇ ਸਪੈਸ਼ਲ ਰਿਪੇਅਰ, ਬਿਜਲੀ ਦੇ ਪੁਰਾਣੇ ਜਾਂ ਖਰਾਬ ਖੰਭਿਆਂ ਨੂੰ ਬਦਲਣਾ, ਐਲਈਡੀ ਲਾਈਟਾਂ ਲਗਾਉਣਾ ਅਤੇ ਐਲੂਮੀਨੀਅਮ ਤੇ ਕਾਪਰ ਵਾਇਰਿੰਗ ਅਪਗ੍ਰੇਡ ਕਰਨਾ ਵੀ ਇਸ ਪਹਿਲਕਦਮੀ ਦਾ ਹਿੱਸਾ ਹੈ।
ਹਰਭਜਨ ਸਿੰਘ ਈਟੀਓ ਨੇ ਦੱਸਿਆ ਇਨ੍ਹਾਂ ਕੰਮਾਂ ਲਈ ਕੁੱਲ 24.51 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ। ਲੋਕ ਨਿਰਮਾਣ ਵਿਭਾਗ ਨੇ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਸਚਾਰੂ ਯਾਤਰਾ ਦੀ ਸਹੂਲਤ ਦੇਣ ਲਈ ਉੱਚ ਗੁਣਵੱਤਾ ਬੁਨਿਆਦੀ ਢਾਚਾ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ।
Read More : ਸੂਬੇ ’ਚ ਹੁਣ ਤੱਕ 61.01 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ : ਮੁੱਖ ਮੰਤਰੀ ਮਾਨ
