ਚੰਡੀਗੜ੍ਹ, 23 ਅਕਤੂਬਰ : ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਬਣਾਈ ਗਈ ਇਕ ਮਨਘੜਤ ਵੀਡੀਓ ਦੇ ਪ੍ਰਸਾਰ ਦੀ ਸਖ਼ਤ ਨਿੰਦਾ ਕੀਤੀ ਹੈ।
ਚੰਡੀਗੜ੍ਹ ਵਿਚ ਪਾਰਟੀ ਦਫ਼ਤਰ ਵਿਖੇ ਇਕ ਪ੍ਰੈੱਸ ਕਾਨਫਰੰਸ ਵਿੱਚ ਬੋਲਦਿਆਂ ਕੰਗ ਨੇ ਇਸ ਨੂੰ ਭਾਜਪਾ ਵਲੋਂ ਰਚੀ ਗਈ ਸੰਗਠਿਤ ਚਰਿੱਤਰ ਹੱਤਿਆ ਮੁਹਿੰਮ ਦੱਸਿਆ ਅਤੇ ਚਿਤਾਵਨੀ ਦਿੱਤੀ ਕਿ ਇਸ ਸਾਜ਼ਿਸ਼ ’ਚ ਸ਼ਾਮਲ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ।
ਕੰਗ ਨੇ ਕਿਹਾ ਕਿ ਵੀਡੀਓ ਸਾਡੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਅਤੇ ਚਰਿੱਤਰ ਹੱਤਿਆ ਕਰਨ ਦੇ ਇਕੋ-ਇਕ ਇਰਾਦੇ ਨਾਲ ਤਿਆਰ ਕੀਤਾ ਗਈ ਸੀ। ਉਨ੍ਹਾਂ ਕਿਹਾ ਕਿ ਜਾਅਲੀ ਕਲਿੱਪ ਵਾਇਰਲ ਹੋਈ ਸੀ ਅਤੇ ਵੀਡੀਓ ਨੂੰ ਫੈਲਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਭਾਜਪਾ ਦੇ ਰਾਸ਼ਟਰੀ ਅਤੇ ਪੰਜਾਬ ਲੀਡਰਸ਼ਿਪ ਦੇ ਆਗੂਆਂ, ਜਿਨ੍ਹਾਂ ਵਿਚ ਅਧਿਕਾਰਤ ਪਾਰਟੀ ਅਹੁਦੇਦਾਰ ਅਤੇ ਰਾਸ਼ਟਰੀ ਬੁਲਾਰੇ ਸ਼ਾਮਲ ਹਨ, ਨੇ ਨਿਭਾਈ।
ਕੰਗ ਨੇ ਮੁਹਿੰਮ ਦੇ ਮੋਢੀ ਦਾ ਨਾਂ ਜਗਮਨ ਸਮਰਾ ਦੱਸਿਆ, ਜੋ ਕੈਨੇਡਾ ਵਿੱਚ ਰਹਿੰਦਾ ਹੈ। ਕੰਗ ਨੇ ਕਿਹਾ ਕਿ ਫੇਸਬੁੱਕ ਨੇ ਖੁਦ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਗਮਨ ਸਮਰਾ ਦੇ ਖਾਤੇ ਅਤੇ ਜਾਅਲੀ ਵੀਡੀਓ ਨੂੰ ਡਿਲੀਟ ਕਰ ਦਿੱਤਾ ਹੈ। ਕਲਿੱਪ ਫੈਲਾਉਣ ਵਾਲੇ ਸੋਸ਼ਲ ਮੀਡੀਆ ਨੈੱਟਵਰਕ ਵੱਲ ਇਸ਼ਾਰਾ ਕਰਦੇ ਹੋਏ ਕੰਗ ਨੇ ਇਸ ਦਾ ਦੋਸ਼ ਭਾਜਪਾ ’ਤੇ ਲਾਇਆ।
ਕੰਗ ਨੇ ਭਾਜਪਾ ’ਤੇ ਵਰ੍ਹਦਿਆ ਕਿਹਾ ਕਿ ਜੇ ਤੁਸੀਂ ਇਕ ਆਮ ਅਧਿਆਪਕ ਦੇ ਪੁੱਤ ਨੂੰ ਰਾਜਨੀਤਕ ਤੌਰ ’ਤੇ ਹਰਾ ਨਹੀਂ ਸਕਦੇ, ਜੋ ਇਮਾਨਦਾਰੀ ਨਾਲ ਪੰਜਾਬ ਦੀ ਅਗਵਾਈ ਕਰਨ ਲਈ ਉੱਠਿਆ ਹੈ, ਤਾਂ ਤੁਸੀਂ ਉਸ ਦੇ ਚਰਿੱਤਰ ਨੂੰ ਤਬਾਹ ਕਰਨ ਲਈ ਜਾਅਲੀ ਵੀਡੀਓ ਬਣਾਉਣ ਦਾ ਸਹਾਰਾ ਲੈ ਰਹੇ ਹੋ, ਜੋ ਅਤਿ ਨਿੰਦਣਯੋਗ ਹੈ।
ਉਨ੍ਹਾਂ ਨੇ ਪੰਜਾਬੀਆਂ ਨੂੰ ਇਹ ਸਮਝਣ ਦੀ ਅਪੀਲ ਕੀਤੀ ਕਿ ਇਹ ਭਾਜਪਾ ਦੀ ਇਕ ਵੱਡੀ ਮਸ਼ੀਨਰੀ ਹੈ, ਜੋ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਇਕ ਆਮ ਪਰਿਵਾਰ ਤੋਂ ਉੱਠੇ ਆਗੂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
Read More : ਪੁਲਸ ਨੇ ਮੁਕਾਬਲੇ ‘ਚ 4 ਮੋਸਟ ਵਾਂਟੇਡ ਗੈਂਗਸਟਰ ਮਾਰੇ
