ਲੁਧਿਆਣਾ, 21 ਅਕਤੂਬਰ : ਜ਼ਿਲਾ ਲੁਧਿਆਣਾ ਦੇ ਤਾਜਪੁਰ ਰੋਡ ਸੈਂਟ੍ਰਲ ਜੇਲ ’ਚ ਸੰਨ੍ਹ ਲਗਾ ਕੇ ਕਥਿਤ ਤੌਰ ’ਤੇ ਭੱਜੇ ਹਵਾਲਾਤੀ ਰਾਹੁਲ ਨੂੰ ਆਖਿਰ ਪੁਲਸ ਨੇ ਬਿਹਾਰ ’ਚੋਂ ਦਬੋਚ ਲਿਆ।
ਇਸ ਹਵਾਲਾਤੀ ਦੇ ਭੱਜਣ ’ਚ ਸਫਲ ਹੋਣ ਕਾਰਨ 3 ਜੇਲ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ, ਜਿਸ ਨੂੰ ਪੁਲਸ ਨੇ ਬੜੀ ਸਿਰਖਪਾਈ ਕਰ ਕੇ ਅਤੇ ਉਸ ਦੀ ਲੋਕੇਸ਼ਨ ਨੂੰ ਟ੍ਰੈਕ ਕਰਦੇ ਹੋਏ ਛਾਣਬੀਨ ਕਰ ਕੇ ਸੂਤਰਾਂ ਦੀ ਮਦਦ ਨਾਲ ਬਿਹਾਰ ਤੋਂ ਫੜਿਆ ਹੈ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਮੁਲਜ਼ਮ ਰਾਹੁਲ ਜੋ ਇਕਦਮ ਜੇਲ ਦੇ ਅੰਦਰੋਂ ਗਾਇਬ ਹੋ ਗਿਆ ਅਤੇ ਇਸ ਦਾ ਪਤਾ ਉਸ ਸਮੇਂ ਲੱਗਾ, ਜਦੋਂ ਬੈਰਕਾਂ ’ਚ ਸ਼ਾਮ ਨੂੰ ਗਿਣਤੀ ਹੋਈ ਤਾਂ ਪਾਇਆ ਕਿ ਰਾਹੁਲ ਉਥੇ ਨਹੀਂ ਸੀ, ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਸ ਨੂੰ ਜੇਲ ਦੇ ਅੰਦਰ ਲੱਭਣ ਲਈ ਅਾਪ੍ਰੇਸ਼ਨ ਚਲਾਇਆ ਗਿਆ ਪਰ ਜਦੋਂ ਉਸ ਦਾ ਕੁਝ ਪਤਾ ਨਾ ਲੱਗਾ ਤਾਂ ਮਾਮਲਾ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਦੇ ਹਵਾਲੇ ਕੀਤਾ ਗਿਆ।
ਪੁਲਸ ਨੇ ਜੇਲ ਦੀ ਸੀਵਰੇਜ ਪਾਈਪ ਲਾਈਨਾਂ ਦੀ ਵੀ ਜਾਂਚ ਕੀਤੀ ਪਰ ਜਦੋਂ ਕੋਈ ਸੂਚਨਾ ਹੱਥ ਨਾ ਲੱਗੀ ਤਾਂ ਜ਼ਿਲਾ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਿਰਦੇਸ਼ਾਂ ’ਤੇ ਪੁਲਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਬਿਹਾਰ ਦੇ ਇਕ ਜ਼ਿਲੇ ਵਿਚ ਮੂਵਮੈਂਟ ਕਰ ਰਿਹਾ ਹੈ ਤਾਂ ਡਵੀਜ਼ਨ ਨੰ. 7 ਦੇ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਦੀ ਅਗਵਾਈ ’ਚ ਟੀਮ ਬਿਹਾਰ ਰਵਾਨਾ ਹੋਈ। ਗੁਰਦਿਆਲ ਸਿੰਘ ਨੇ ਇਸ ਨੂੰ ਬਿਹਾਰ ਜਾ ਕੇ ਕਾਬੂ ਕਰ ਲਿਆ।
ਸੂਤਰਾਂ ਨੇ ਦੱਸਿਆ ਕਿ ਪੁਲਸ ਡਵੀਜ਼ਨ ਨੰ. 7 ਦੀ ਸਖ਼ਤ ਮਿਹਨਤ ਨਾਲ ਮੁਲਜ਼ਮ ਦੀ ਗ੍ਰਿਫਤਾਰੀ ਸੰਭਵ ਹੋ ਸਕੀ। ਜੇਕਰ ਕੁਝ ਦਿਨ ਹੋਰ ਬੀਤਦੇ ਤਾਂ ਮੁਲਜ਼ਮ ਭੇਸ ਬਦਲ ਕੇ ਅੱਗੇ ਵੀ ਕਿਤੇ ਨਿਕਲ ਸਕਦਾ ਸੀ। ਹਾਲ ਦੀ ਘੜੀ ਪੁਲਸ ਇਸ ਨੂੰ ਲੁਧਿਆਣਾ ਲਿਆਉਣ ਤੋਂ ਬਾਅਦ ਸਾਰੇ ਰਾਜ਼ ਉਗਲਵਾਏਗੀ ਕਿ ਮੁਲਜ਼ਮ ਜੇਲ ਤੋਂ ਕਿਵੇਂ ਫਰਾਰ ਹੋਇਆ।
Read More : ਬੱਸ ਦੀ ਫੇਟ ਵੱਜਣ ਨਾਲ ਡਿਊਟੀ ਤੋਂ ਆਉਂਦੇ ਅਧਿਆਪਕ ਦੀ ਮੌਤ