2 ਕਰੋੜ 70 ਲੱਖ ਰੁਪਏ ਦੀ ਮੰਗ ਦਾ ਲਾਇਆ ਦੋਸ਼
ਪਟਨਾ, 10 ਅਕਤੂਬਰ : ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਐਤਵਾਰ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਘਰ ਦੇ ਬਾਹਰ ਨਾਟਕੀ ਘਟਨਾ ਵਾਪਰੀ। ਟਿਕਟ ਨਾ ਮਿਲਣ ’ਤੇ ਇਕ ਨੇਤਾ ਭੁੱਬਾਂ ਮਾਰ ਕੇ ਰੋ ਪਿਆ। ਉਸ ਨੇ ਆਪਣੀ ਕਮੀਜ਼ ਪਾੜ ਦਿੱਤੀ ਤੇ ਸੜਕ ’ਤੇ ਲੇਟ ਗਿਆ।
ਮਧੂਬਨ ਹਲਕੇ ਤੋਂ ਟਿਕਟ ਮਿਲਣ ਦੀ ਉਮੀਦ ਲਾਈ ਬੈਠੇ ਮਦਨ ਸ਼ਾਹ ਨੇ ਦੋਸ਼ ਲਗਾਇਆ ਕਿ ਉਸ ਕੋਲੋਂ ਟਿਕਟ ਲਈ 2 ਕਰੋੜ 70 ਲੱਖ ਰੁਪਏ ਮੰਗੇ ਗਏ। ਉਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਇਅਾ।
ਸ਼ਾਹ ਨੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹਾਂ। 2020 ’ਚ ਮੈਂ ਇਸੇ ਹਲਕੇ ਤੋਂ ਚੋਣ ਲੜੀ ਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੋਂ ਥੋੜ੍ਹੇ ਫਰਕ ਨਾਲ ਹਾਰ ਗਿਆ। ਇਸ ਵਾਰ ਮੈਨੂੰ ਟਿਕਟ ਮਿਲਣ ਦਾ ਭਰੋਸਾ ਸੀ।
ਮੈਨੂੰ 2 ਕਰੋੜ 70 ਲੱਖ ਰੁਪਏ ਦੇਣ ਲਈ ਕਿਹਾ ਗਿਆ। ਮੈਂ ਪੈਸਿਆਂ ਦਾ ਪ੍ਰਬੰਧ ਕਰਨ ਲਈ ਆਪਣੇ ਬੱਚਿਆਂ ਦੇ ਵਿਆਹ ਵੀ ਮੁਲਤਵੀ ਕਰ ਦਿੱਤੇ। ਹੁਣ ਮੈਂ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹਾਂ। ਘੱਟੋ ਘੱਟ ਮੇਰੇ ਪੈਸੇ ਤਾਂ ਵਾਪਸ ਕੀਤੇ ਜਾਣ। ਰਾਜਦ ਦੇ ਆਗੂਆਂ ਨੇ ਇਸ ਦੋਸ਼ ਦਾ ਐਤਵਾਰ ਰਾਤ ਕੋਈ ਜਵਾਬ ਨਹੀਂ ਦਿੱਤਾ ਸੀ ਕਿ ਉਸ ਕੋਲੋਂ ਟਿਕਟ ਦੇ ਬਦਲੇ ਪੈਸੇ ਮੰਗੇ ਗਏ ਸਨ।
ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਨਾਮਜ਼ਦਗੀ ਪ੍ਰਕਿਰਿਆ ਸੋਮਵਾਰ ਖਤਮ ਹੋ ਰਹੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਰਾਜਦ ਮਧੂਬਨ ਸੀਟ ‘ਤੇ ਆਪਣਾ ਉਮੀਦਵਾਰ ਖੜ੍ਹਾ ਕਰੇਗੀ ਜਾਂ ਸੀਟ ਗੱਠਜੋੜ ਦੇ ਕਿਸੇ ਭਾਈਵਾਲ ਨੂੰ ਸੌਂਪੀ ਜਾਵੇਗੀ।
Read More : ਪਹਿਲਾ ਮੋਟਰਸਾਈਕਲ ਮਾਰਿਆ, ਫਿਰ ਲੱਤ ਵਿਚ ਮਾਰੀ ਗੋਲੀ