ਡੀ. ਆਈ. ਜੀ. ਦੇ ਘਰੋਂ 4 ਕਰੋੜ ਨਕਦ, ਸੋਨੇ ਦੇ ਗਹਿਣੇ ਤੇ ਜਾਇਦਾਦ ਦੇ ਦਸਤਾਵੇਜ਼ ਬਰਾਮਦ
ਚੰਡੀਗੜ੍ਹ, 16 ਅਕਤੂਬਰ : ਸੀ. ਬੀ. ਆਈ. ਨੇ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਇਕ ਵਿਚੋਲੇ ਰਾਹੀਂ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਵਿਚੋਲੇ ਦੀ ਪਛਾਣ ਕਿਰਸ਼ਾਨੂ ਵਜੋਂ ਹੋਈ ਹੈ, ਜੋ ਕਿ ਨਾਭਾ ਦਾ ਰਹਿਣ ਵਾਲਾ ਹੈ।
ਸੀ. ਬੀ. ਆਈ. ਨੂੰ ਡੀ. ਆਈ. ਜੀ. ਦੀ ਸੈਕਟਰ-40 ਸਥਿਤ ਕੋਠੀ ’ਚੋਂ ਤਲਾਸ਼ੀ ਦੌਰਾਨ ਸੂਟਕੇਸ ਅਤੇ ਬੈਗ ਵਿਚੋਂ ਲੱਗਭਗ 4 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਇਸ ਤੋਂ ਇਲਾਵਾ ਜਾਇਦਾਦ ਦੇ ਦਸਤਾਵੇਜ਼ ਅਤੇ ਲੱਖਾਂ ਰੁਪਏ ਦੇ ਗਹਿਣੇ ਵੀ ਬਰਾਮਦ ਹੋਏ ਹਨ। ਨੋਟਾਂ ਦੀ ਗਿਣਤੀ ਲਈ ਸੀ. ਬੀ. ਆਈ. ਨੇ ਬੈਂਕ ਅਧਿਕਾਰੀਆਂ ਨੂੰ ਸੱਦਿਆ, ਜੋ ਨੋਟ ਗਿਣਨ ਵਾਲੀ ਮਸ਼ੀਨ ਲੈ ਕੇ ਆਏ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਵਿਚੋਲੇ ਕਿਰਸ਼ਾਨੂ ਰਾਹੀਂ ਮੰਡੀ ਗੋਬਿੰਦਗੜ੍ਹ ਦੇ ਇਕ ਸਕ੍ਰੈਪ ਡੀਲਰ ਤੋਂ ਰਿਸ਼ਵਤ ਮੰਗ ਰਿਹਾ ਸੀ।
ਸੀ. ਬੀ. ਆਈ. ਨੇ ਸ਼ਿਕਾਇਤਕਰਤਾ ਆਕਾਸ਼ ਭੱਟ ਦੇ ਬਿਆਨਾਂ ਦੇ ਆਧਾਰ ’ਤੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਅਤੇ ਕਿਰਸ਼ਾਨੂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸੀ. ਬੀ. ਆਈ. ਦੀਆਂ ਟੀਮਾਂ ਨੂੰ ਡੀ. ਆਈ. ਜੀ. ਦੇ ਸਮਰਾਲਾ ਸਥਿਤ ਘਰ ਤੋਂ 10 ਲੱਖ ਰੁਪਏ ਨਕਦ ਅਤੇ ਦਰਜਨਾਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ।
ਇਸ ਤੋਂ ਇਲਾਵਾ ਫਿਰੋਜ਼ਪੁਰ ਸਥਿਤ ਹੋਰ ਟਿਕਾਣਿਆਂ ’ਤੇ ਤਲਾਸ਼ੀ ਜਾਰੀ ਹੈ।
Read More : ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਧਾਇਕ ਖਹਿਰਾ ਦੀ ਪਟੀਸ਼ਨ ਖ਼ਾਰਜ