ਅੰਮ੍ਰਿਤਸਰ, 12 ਅਕਤੂਬਰ : ਬੀਤੀ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦਾ ਦਿਹਾਂਤ ਹੋ ਗਿਆ। 74 ਸਾਲਾ ਭਾਈ ਰਾਮ ਸਿੰਘ ਕਈ ਮਹੀਨਿਆਂ ਤੋਂ ਕੈਂਸਰ ਰੋਗ ਤੋਂ ਪੀੜਤ ਹੋਣ ਕਾਰਨ ਜ਼ੇਰੇ ਇਲਾਜ ਸਨ।
ਭਾਈ ਰਾਮ ਸਿੰਘ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਕਰੀਬੀ ਸਾਥੀ ਸਨ ਅਤੇ ਉਹ ਸਿਆਸਤ ਵਿਚ ਆਉਣ ਤੋਂ ਪਹਿਲਾਂ ਦਮਦਮੀ ਟਕਸਾਲ ਵਿਖੇ ਕੀਰਤਨ ਦੀ ਸੇਵਾ ਵੀ ਨਿਭਾਉਂਦੇ ਰਹੇ। ਭਾਈ ਸਾਹਿਬ ਦੇ ਪਰਵਾਰ ਅਨੁਸਾਰ ਉਨ੍ਹਾਂ ਦਾ ਅੰਤਮ ਸਸਕਾਰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਬੱਚਿਆਂ ਦੇ ਆਉਣ ਬਾਅਦ ਬੁਧਵਾਰ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਰਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਸਦਵੀਂ ਵਿਛੋੜਾ ਦੇ ਜਾਣ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਤੋਂ ਮੈਂਬਰ ਭਾਈ ਰਾਮ ਸਿੰਘ ਦੇ ਅਕਾਲ ਚਲਾਣੇ ’ਤੇ ਸੰਵੇਦਨਾ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਨਿਵਾਸ ਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
Read More : ਸਿਹਤ ਮੰਤਰੀ ਨੇ 7 ਨਵੀਂਆਂ ਮੋਬਾਈਲ ਮੈਡੀਕਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
