30 ਨੂੰ ਪੰਜਾਬ ਬੰਦ : ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੋਟ
ਸੜਕਾਂ ’ਤੇ ਵੀ ਹੋਣਗੇ ਧਰਨੇ, ਰੇਲਾਂ ਵੀ ਹੋਣਗੀਆਂ ਜਾਮ
- ਸਵੇਰੇ 7 ਵਜੇ ਤੋਂ 4 ਵਜੇ ਤੱਕ ਪੰਜਾਬ ਰਹੇਗਾ ਬੰਦ
ਪਟਿਆਲਾ : ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਮੋਰਚਿਆਂ ’ਤੇ ਬੈਠੇ ਕਿਸਾਨਾਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ 30 ਦਸੰਬਰ ਨੂੰ 7 ਵਜੇ ਤੋਂ 4 ਵਜੇ ਤੱਕ ਪੰਜਾਬ ਮੁਕੰਮਲ ਬੰਦ ਹੋਵੇਗਾ। ਇਸ ਬੰਦ ਵਿਚ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੋਟ ਹੋਵੇਗੀ।
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਅਤੇ ਹੋਰਨਾਂ ਨੇ ਆਖਿਆ ਕਿ ਬੰਦ ਪੰਜਾਬ ਵਿਚ ਰੇਲਵੇ ਆਵਾਜਾਈ ਤੇ ਸੜਕੀ ਆਵਾਜਾਈ ਜਾਮ ਰਹੇਗੀ, ਦੁਕਾਨਾਂ ਵੀ ਬੰਦ ਰਹਿਣਗੀਆਂ, ਗੈਸ ਸਟੇਸ਼ਨ, ਪੈਟਰੋਲ ਪੰਪ, ਸਬਜ਼ੀ ਮੰਡੀ, ਦੁੱਧ ਦੀ ਸਪਲਾਈ ਹਰ ਚੀਜ਼ ਬੰਦ ਰੱਖੀ ਜਾਵੇਗੀ। ਉਨ੍ਹਾਂ ਇਸ ਮੌਕੇ ਆਖਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਅਸੀਂ ਬੰਦ ਨਹੀਂ ਕਰਾਂਗੇ, ਜਿਸ ਵਿਚ ਮੈਡੀਕਲ ਸੇਵਾਵਾਂ, ਵਿਆਹ ਦੀਆਂ ਰਸਮਾਂ, ਇੰਟਰਵਿਊ ਦੇਣ ਵਾਲਿਆਂ ਲਈ ਰਸਤ, ਫਲਾਈਟ ਵਾਲਿਆਂ ਲਈ ਰਸਤਾ ਇਨ੍ਹਾਂ ਸਬੰਧੀ ਸੇਵਾਵਾਂ ਵੀ ਖੁੱਲ੍ਹੀਆਂ ਰਹਿਣਗੀਆਂ।
ਪੰਧੇਰ ਨੇ ਆਖਿਆ ਕਿ ਕਿਸਾਨਾਂ ਦੀ ਅਵਾਜ ਦਿੱਲੀ ਸਰਕਾਰ ਤੱਕ ਪਹੁੰਚਾਉਣ ਲਈ ਸੰਘਰਸ਼ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ ’ਤੇ ਵੀ ਹੋਣਗੇ ਧਰਨੇ, ਰੇਲਾਂ ਵੀ ਜਾਮ ਹੋਣਗੀਆਂ। ਉਨ੍ਹਾਂ ਸਮੁੱਚੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਦੁਕਾਨਾਂ ਬੰਦ ਰੱਖਣ ਤੇ ਖੋਲ੍ਹਣ ਹੀ ਨਾ। ਇਥੋ ਤੱਕ ਪ੍ਰਾਈਵੇਟ ਵਾਹਨ ਵੀ ਬੰਦ ਰਹਿਣਗੇ।
ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਵੀ ਬੰਦ ਰੱਖਣ ’ਚ ਯੋਗਦਾਨ ਪਾਉਣ ਦਾ ਕੀਤਾ ਐਲਾਨ
ਉਧਰੋ ਸਰਕਾਰੀ ਮੁਲਾਜ਼ਮਾਂ ਨੇ ਵੀ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ। ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਆਖਿਆ ਕਿ ਕਿਸਾਨਾਂ ਦੇ ਹੱਕ ਵਿਚ 30 ਦਸੰਬਰ ਨੂੰ ਸਮੁੱਚੇ ਡੀ. ਸੀ. ਦਫਤਰ ਬੰਦ ਰਹਿਣਗੇ, ਯਾਨੀ ਕਿ ਮੁਲਾਜ਼ਮ ਦਫਤਰਾਂ ਵਿਚ ਨਹੀਂ ਜਾਣਗੇ ਕਿਉਂਕਿ ਕਿਸਾਨ ਸਿੱਧੇ ਤੌਰ ’ਤੇ ਡੀ. ਸੀ. ਦਫਤਰਾਂ ਨਾਲ ਜੁੜੇ ਹੋਏ ਹਨ ਅਤੇ ਡੀ. ਸੀ. ਦਫ਼ਤਰਾਂ ਦੇ ਬਹੁਤ ਮੁਲਾਜਮ ਕਿਸਾਨ ਹਨ। ਇਸੇ ਤਰ੍ਹਾ ਬਿਜਲੀ ਬੋਰਡ ਯੂਨੀਅਨਾਂ ਦੇ ਸੀਨੀਅਰ ਨੇਤਾ ਮਨਜੀਤ ਸਿੰਘ ਚਾਹਲ ਨੇ ਆਖਿਆ ਕਿ ਬਿਜਲੀ ਬੋਰਡ ਦੀਆਂ ਸਮੁੱਚੀਆਂ ਯੂਨੀਅਨਾਂ ਇਸ ਸੰਘਰਸ਼ ਦੀ ਹਮਾਇਤ ਕਰਨਗੀਆਂ।