ਬਟਾਲਾ, 9 ਅਕਤੂਬਰ : ਕੁਝ ਦਿਨ ਪਹਿਲਾਂ ਬਟਾਲਾ ਦੇ ਰੇਲਵੇ ਸਟੇਸ਼ਨ, ਆਰ. ਆਰ. ਬਾਵਾ ਕਾਲਜ ਅਤੇ ਸ੍ਰੀ ਅੱਚਲੇਸ਼ਵਰ ਧਾਮ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 7 ਵਿਅਕਤੀਆਂ ਨੂੰ ਬਟਾਲਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਪੁਲਸ ਲਾਈਨ ਬਟਾਲਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ 23 ਸਤੰਬਰ ਨੂੰ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬਟਾਲਾ ਰੇਲਵੇ ਸਟੇਸ਼ਨ ਅਤੇ ਸ਼੍ਰੀ ਅੱਚਲੇਸ਼ਵਰ ਧਾਮ ਮੰਦਰ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਇਸ ਤੋਂ ਬਾਅਦ ਦੋਬਾਰਾ ਫਿਰ 30 ਸਤੰਬਰ ਨੂੰ ਆਰ. ਆਰ. ਬਾਵਾ ਕਾਲਜ ਦੀ ਕੰਧ ’ਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਸਨ।
ਉਨ੍ਹਾਂ ਕਿਹਾ ਕਿ ਸ਼੍ਰੀ ਅੱਚਲੇਸ਼ਵਰ ਧਾਮ ਮੰਦਰ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਤੋਂ ਬਾਅਦ ਪਾਬੰਦੀਸ਼ੁਦਾ ਸੰਗਠਨ ਐੱਸ. ਐੱਫ. ਜੇ. ਦੇ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਕੇ ਇਸਦੀ ਜ਼ਿੰਮੇਵਾਰ ਲਈ ਗਈ ਸੀ। ਇਸ ਸਬੰਧ ’ਚ ਪੁਲਸ ਵੱਲੋਂ ਥਾਣਾ ਰੰਗੜ, ਥਾਣਾ ਸਿਟੀ ਬਟਾਲਾ ਅਤੇ ਥਾਣਾ ਜੀ. ਆਰ. ਪੀ. ਬਟਾਲਾ ’ਚ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ।
ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ਵੱਲੋਂ ਐੱਸ. ਪੀ. ਇਨਵੈਸੀਗੇਸ਼ਨ ਬਟਾਲਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਹੇਠ ਪੁਲਸ ਟੀਮਾਂ ਦਾ ਗਠਨ ਕਰ ਕੇ ਇਸ ਵਾਰਦਾਤ ’ਚ ਸ਼ਾਮਲ ਵਿਅਕਤੀਆਂ ਨੂੰ ਟਰੇਸ ਅਤੇ ਗ੍ਰਿਫਤਾਰ ਕਰਨ ਲਈ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਬਟਾਲਾ ਪੁਲਸ ਦੀ ਟੀਮ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਫੜੇ ਗਏ ਵਿਅਕਤੀਆਂ ਨੇ ਦੱਸਿਆ ਕਿ ਅਭੈ ਪ੍ਰਤਾਪ ਸਿੰਘ ਉਰਫ ਰਾਜਾ ਹਰੂਵਾਲ ਜੋ ਆਰਮੀਨੀਆ ਦੇਸ਼ ਗਿਆ ਹੈ ਅਤੇ ਉਸਦੇ ਕਹਿਣ ’ਤੇ ਉਨ੍ਹਾਂ ਬਟਾਲਾ ਰੇਲਵੇ ਸਟੇਸ਼ਨ, ਸ਼੍ਰੀ ਅੱਚਲੇਸ਼ਵਰ ਧਾਮ ਮੰਦਰ ਅਤੇ ਆਰ. ਆਰ. ਬਾਵਾ ਕਾਲਜ ਦੇ ਬਾਹਰ ਕੰਧ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਸਨ।
ਉਨ੍ਹਾਂ ਕਿਹਾ ਕਿ ਰਾਜਾ ਹਰੂਵਾਲ ਨੇ ਇਸ ਕੰਮ ਲਈ ਉਨ੍ਹਾਂ ਨੂੰ 14 ਹਜ਼ਾਰ ਰੁਪਏ ਦਿੱਤੇ ਸਨ, ਜਿਸ ’ਚੋਂ ਉਨ੍ਹਾਂ ਨੇ ਰਾਜਾ ਹਰੂਵਾਲ ਦੇ ਕਹਿਣ ’ਤੇ ਪੇਂਟ ਖਰੀਦਿਆ, ਜਿਸ ਨਾਲ ਉਨ੍ਹਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਸਨ। ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਰਾਜਾ ਹਰੂਵਾਲ ਬੀ. ਕੇ. ਆਈ. ਅਤੇ ਪਾਬੰਦੀਸ਼ੁਦਾ ਐੱਸ. ਐੱਫ. ਜੇ. ਦਾ ਮੈਂਬਰ ਹੈ ਅਤੇ ਇਨ੍ਹਾਂ ਦੇ ਕਹਿਣ ’ਤੇ ਪੰਜਾਬ ’ਚ ਆਪਣੇ ਸਾਥੀਆਂ ਤੋਂ ਕੰਮ ਕਰਵਾਉਂਦਾ ਹੈ।
ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਆਸ਼ੂ ਮਸੀਹ ਪੁੱਤਰ ਜੇਮਸ ਮਸੀਹ ਵਾਸੀ ਦੁੰਬੀਵਾਲ, ਹਰਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਕੁਲਵੰਤ ਸਿੰਘ ਵਾਸੀ ਮਸਾਣੀਆ, ਰਿੰਕੂ ਪੁੱਤਰ ਬਲਦੇਵ ਮਸੀਹ ਵਾਸੀ ਦੁਲਾਨੰਗਲ, ਜਾਰਜ ਉਰਫ ਮਨੀ ਪੁੱਤਰ ਸੁੱਚਾ ਸਿੰਘ ਵਾਸੀ ਚੱਕ ਦੀਪੇਵਾਲ, ਵਿੱਕੀ ਪੁੱਤਰ ਸੁੱਚਾ ਸਿੰਘ ਵਾਸੀ ਦੀਪੇਵਾਲ, ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਜੀਤ ਸਿੰਘ ਵਾਸੀ ਮੂਲਿਆਵਾਲ, ਸੌਰਵ ਪੁੱਤਰ ਕੁਲਵੰਤ ਸਿੰਘ ਵਾਸੀ ਗੌਂਸਪੁਰਾ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਕੇਸ ’ਚ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ’ਚ ਰੋਹਿਤ ਸਿੰਘ ਵਾਸੀ ਮਸਾਣੀਆ, ਅਭੈ ਪ੍ਰਤਾਪ ਸਿੰਘ ਉਰਫ ਰਾਜਾ ਹਰੂਵਾਲ ਵਾਸੀ ਹਰੂਵਾਲ ਅਤੇ ਪਾਬੰਦੀਸ਼ੁਦਾ ਸੰਗਠਨ ਐੱਸ. ਐੱਫ. ਜੇ. ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਸ਼ਾਮਲ ਹੈ। ਪੁਲਸ ਨੇ ਫੜੇ ਗਏ ਵਿਅਕਤੀਆਂ ਤੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
Read More : ਸਰਕਾਰ ਵੱਲੋਂ ਵੱਡੇ ਉਦਯੋਗਿਕ ਬੁਨਿਆਦੀ ਢਾਂਚਾ ਮਿਸ਼ਨ ਦੀ ਸ਼ੁਰੂਆਤ : ਸੰਜੀਵ ਅਰੋੜਾ