ਕਾਰ ਵੀ ਸਾੜੀ, ਪੁਲਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਰਾਮਗੜ੍ਹ, 9 ਅਕਤੂਬਰ : ਜੰਮੂ ਦੇ ਸਾਂਬਾ ਜ਼ਿਲ੍ਹੇ ਦੇ ਪਿੰਡ ਕੌਲਪੁਰ ਸਥਿਤ ਗੁਰਦੁਆਰਾ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਭੜਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰੇ ਦੇ ਨੇੜੇ ਹੀ ਰਹਿਣ ਵਾਲੇ ਮੁਲਜ਼ਮ ਵਿਅਕਤੀ ਦੇ ਮਕਾਨ ਨੂੰ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ ਤੇ ਘਰ ’ਚ ਖੜ੍ਹੀ ਉਸ ਦੀ ਕਾਰ ਨੂੰ ਅੱਗ ਲਗਾ ਦਿੱਤੀ।
ਜਾਣਕਾਰੀ ਅਨੁਸਾਰ ਮੰਗਲਵਾਰ ਦੇਰ ਰਾਤ ਕਰੀਬ 1.20 ਵਜੇ ਰਾਮਗੜ੍ਹ ਦੇ ਕੌਲਪੁਰ ਪਿੰਡ ਸਥਿਤ ਗੁਰਦੁਆਰੇ ਦੇ ਆਸਪਾਸ ਰਹਿਣ ਵਾਲੇ ਸਥਾਨਕ ਲੋਕਾਂ ਨੇ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਤੁਰੰਤ ਬਚਾਅ ਲਈ ਮੌਕੇ ’ਤੇ ਪੁੱਜੇ। ਕਿਸੇ ਤਰ੍ਹਾਂ ਸੰਗਤ ਤੇ ਆਸ-ਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ ਤੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਗੁਰਦੁਆਰੇ ਦੀ ਸੁਰੱਖਿਆ ਲਈ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ।
ਇਸ ਵਿਚ ਪਤਾ ਲੱਗਾ ਕਿ ਇਹ ਅੱਗ ਹਾਦਸਾ ਨਹੀਂ ਬਲਕਿ ਜਾਣਬੁੱਝ ਕੇ ਲਗਾਈ ਗਈ ਹੈ। ਸੀ.ਸੀ.ਟੀ.ਵੀ. ’ਚ ਇਕ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਟ ਕਰਦੇ ਦੇਖਿਆ ਗਿਆ। ਉਸ ਦੀ ਪਛਾਣ ਮਨਜੀਤ ਸਿੰਘ ਉਰਫ ਬਿੱਲਾ ਵਾਸੀ ਕੌਲਪੁਰ ਦੇ ਰੂਪ ’ਚ ਹੋਈ ਹੈ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ। ਵੱਡੀ ਗਿਣਤੀ ’ਚ ਸਿੱਖ ਸੰਗਤ ਸੜਕਾਂ ’ਤੇ ਆ ਗਈ।
ਸਵੇਰੇ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਵਿਜੇਪੁਰ, ਸਾਂਬਾ ਤੇ ਕਠੂਆ ਤੋਂ ਵੀ ਸਿੱਖ ਭਾਈਚਾਰੇ ਦੇ ਲੋਕਾਂ ਦਾ ਪਿੰਡ ਪਹੁੰਚਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਸਥਾਨਕ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਜੰਮੂ ਡੀਜੀਪੀਸੀ ਸਮੇਤ ਗੁਰਦੁਆਰਾ ਪ੍ਰਬੰਧਕ ਇਕਾਈ ਕਮੇਟੀਆਂ ਵੀ ਕੌਲਪੁਰ ਪਹੁੰਚ ਗਈਆਂ। ਭੜਕੀ ਸੰਗਤ ਨੇ ਪਹਿਲਾਂ ਮੁਲਜ਼ਮ ਦੇ ਘਰ ਨੂੰ ਜੇਸੀਬੀ ਮਸ਼ੀਨ ਨਾਲ ਤੋੜਿਆ ਤੇ ਵੇਹੜੇ ’ਚ ਖੜ੍ਹੀ ਕਾਰ ਨੂੰ ਵੀ ਅੱਗ ਲਗਾ ਦਿੱਤੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਤੇ ਮੁਲਜ਼ਮ ਨੂੰ ਹਿਰਾਸਤ ’ਚ ਲੈਣ ਮਗਰੋਂ ਕਾਰਵਾਈ ਦਾ ਭਰੋਸਾ ਦਿੱਤਾ। ਉਸ ਦੀ ਜਾਨ ਦੇ ਖ਼ਤਰੇ ਨੂੰ ਦੇਖਦੇ ਹੋਏ ਉਸ ਤੇ ਉਸ ਦੀ ਪਤਨੀ ਨੂੰ ਜੰਮੂ ਦੇ ਨਗਰੋਟਾ ਪੁਲਿਸ ਸਟੇਸ਼ਨ ’ਚ ਰੱਖਿਆ ਹੈ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਮੁਲਜ਼ਮ ’ਤੇ ਲੋਕ ਸੁਰੱਖਿਆ ਐਕਟ (ਪੀਐੱਸਏ) ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਸੀਸੀਟੀਵੀ ’ਚ ਵੀ ਕੈਦ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਆਖ਼ਰ ਮੁਲਜ਼ਮ ਨੇ ਇਸ ਤਰ੍ਹਾਂ ਕਿਉਂ ਕੀਤਾ।
ਸਾਂਬਾ ਦੀ ਡੀਸੀ ਆਯੂਸ਼ੀ ਸੂਦਨ, ਐੱਸਐੱਸਪੀ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀ ਤਣਾਅ ਨੂੰ ਘੱਟ ਕਰਨ ਤੇ ਸਿੱਖ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਨਾਲ ਹੀ ਮੁਲਜ਼ਮ ਨੂੰ ਹਿਰਾਸਤ ’ਚ ਲੈਣ ਦੇ ਨਾਲ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰਾ ਦਿਨ ਇਸ ਮਾਮਲੇ ਨੂੰ ਲੈ ਕੇ ਪਿੰਡ ਕੌਲਪੁਰ ’ਚ ਤਣਾਅ ਦੀ ਸਥਿਤੀ ਬਣੀ ਰਹੀ। ਦੱਸਣਯੋਗ ਹੈ ਕਿ ਮੁਲਜ਼ਮ ਦੇ ਦੋ ਬੇਟੇ ਹਨ ਜਿਹੜੇ ਕੈਨੇਡਾ ’ਚ ਰਹਿੰਦੇ ਹਨ।
Read More : ਬੈਂਕਾਕ ਤੋਂ ਆਈ ਉਡਾਣ ’ਚੋਂ 2.55 ਕਰੋੜ ਦਾ ਗਾਂਜਾ ਜ਼ਬਤ