ਪਿੰਡ ਚੁਤਹਿਰਾ ਦੇ ਡੇਅਰੀ ਯੂਨਿਟ ’ਤੇ ਰੇਡ ; 225 ਕਿਲੋ ਪਨੀਰ ਜ਼ਬਤ
ਪਟਿਆਲਾ, 8 ਅਕਤੂਬਰ : ਪਟਿਆਲਾ ਵਿਚ ਫੂਡ ਸੇਫਟੀ ਟੀਮ ਨੇ ਤੜਕਸਾਰ ਖੁਰਾਕੀ ਮਿਲਾਵਟ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਨੇੜਲੇ ਪਿੰਡ ਚੁਤਹਿਰਾ ਵਿਖੇ ਇਕ ਡੇਅਰੀ ਯੂਨਿਟ ’ਤੇ ਰੇਡ ਦੌਰਾਨ 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ ਕੀਤਾ ਗਿਆ।
ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਦਿਲਰਾਜ ਸਿੰਘ ਦੇ ਸਖਤ ਹੁਕਮਾਂ ’ਤੇ ਜ਼ਿਲਾ ਪਟਿਆਲਾ ਦੀ ਫੂਡ ਸੇਫਟੀ ਵਿੰਗ ਵੱਲੋਂ ਤਿਉਹਾਰੀ ਮੌਸਮ ਦੇ ਮੱਦੇਨਜ਼ਰ ਖੁਰਾਕੀ ਮਿਲਾਵਟ ਖਿਲਾਫ ਵੱਡੀ ਮੁਹਿੰਮ ਚਲਾਈ ਗਈ ਹੈ। ਜ਼ਿਲਾ ਹੈਲਥ ਅਫ਼ਸਰ ਅਤੇ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲੇ ਭਰ ’ਚ ਭੋਜਨ ਸਮੱਗਰੀ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਾਧੂ ਨਿਰੀਖਣ ਅਤੇ ਨਮੂਨੇ ਲੈਣ ਦੀ ਕਾਰਵਾਈ ਜਾਰੀ ਹੈ।
ਫੂਡ ਸੇਫਟੀ ਟੀਮ ਨੇ ਸਮਾਣਾ ਨੇੜਲੇ ਪਿੰਡ ਚੁਤਹਿਰਾ ਸਥਿਤ ਇਕ ਡੇਅਰੀ ਯੂਨਿਟ ’ਤੇ ਰੇਡ ਕੀਤੀ, ਜਿਸ ’ਚ ਫੂਡ ਸੇਫਟੀ ਅਫਸਰ, ਪਟਿਆਲਾ ਜਸਵਿੰਦਰ ਸਿੰਘ ਅਤੇ ਗੌਰਵ ਕੁਮਾਰ ਸ਼ਾਮਲ ਸਨ। ਇਸ ਦੌਰਾਨ ਪਨੀਰ, ਦਹੀਂ ਅਤੇ ਸਕਿਮਡ ਮਿਲਕ ਪਾਊਡਰ ਦੇ ਤਿੰਨ ਨਮੂਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਲਏ ਗਏ। ਨਾਲ ਹੀ 225 ਕਿਲੋਗ੍ਰਾਮ ਸ਼ੱਕੀ ਮਿਲਾਵਟੀ ਪਨੀਰ ਮੌਕੇ ’ਤੇ ਹੀ ਜ਼ਬਤ ਕੀਤਾ ਗਿਆ। ਇਹ ਸਾਰੇ ਨਮੂਨੇ ਰਾਜ ਫੂਡ ਲੈਬੋਰਟਰੀ, ਖਰੜ ਭੇਜੇ ਗਏ ਹਨ।
ਜ਼ਿਲਾ ਫੂਡ ਸੇਫਟੀ ਅਫਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਵੀ ਫੂਡ ਸੇਫਟੀ ਟੀਮ ਨੇ ਨਾਭਾ ਅਤੇ ਰਾਜਪੁਰਾ ਸ਼ਹਿਰਾਂ ’ਚ ਮਠਿਆਈ ਦੀਆਂ ਦੁਕਾਨਾਂ, ਡੇਅਰੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦਾ ਨਿਰੀਖਣ ਕਰ ਕੇ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਸਨ। ਨਾਭਾ ਤੋਂ ਖੋਆ ਆਧਾਰਿਤ ਮਠਿਆਈਆਂ ਅਤੇ ਮਸਾਲਿਆਂ ਦੇ 7 ਨਮੂਨੇ ਤੇ ਰਾਜਪੁਰਾ ਤੋਂ ਖੋਏ ਤੇ ਮਸਾਲਿਆਂ ਦੇ 4 ਨਮੂਨੇ ਲਏ ਗਏ ਸਨ ਤੇ ਇਹ ਸਾਰੇ ਨਮੂਨੇ ਲੈਬ ਟੈਸਟ ਲਈ ਭੇਜੇ ਗਏ ਹਨ। ਜਾਂਚ ਨਤੀਜਿਆਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਤਿਉਹਾਰੀ ਮੌਸਮ ਦੌਰਾਨ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਤੇ ਖਾਦ ਪਦਾਰਥ ਉਪਲਬਧ ਕਰਵਾਉਣ, ਖੁਰਾਕੀ ਮਿਲਾਵਟ ਰੋਕਣ ਅਤੇ ਗੁਣਵੱਤਾ ਦੀ ਨਿਗਰਾਨੀ ਲਈ ਪਹਿਲਾਂ ਹੀ ਜ਼ਿਲੇ ਭਰ ’ਚ ਵੱਖ-ਵੱਖ ਖਾਣ ਪੀਣ ਦੀਆਂ ਚੀਜ਼ਾਂ ਦੇ 69 ਨਮੂਨੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਪਟਿਆਲਾ ਲੋਕਾਂ ਨੂੰ ਸੁਰੱਖਿਅਤ, ਸਾਫ-ਸੁਥਰੀ ਅਤੇ ਗੁਣਵੱਤਾ ਭਰੀ ਖੁਰਾਕ ਉਪਲੱਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
Read More : ਹਾਈ ਵੋਲਟੇਜ ਤਾਰਾਂ ਦੀ ਲਪੇਟ ਆਉਣ ਕਾਰਨ 8 ਸਾਲ ਦੇ ਬੱਚੇ ਦੀ ਮੌਤ
