ਜਲਾਲਾਬਾਦ, 7 ਅਕਤੂਬਰ : ਸ਼ਹਿਰ ਜਲਾਲਾਬਾਦ ਦੇ ਨੇੜਲੇ ਪਿੰਡ ਗੁਮਾਨੀ ਵਾਲਾ ਖੂਹ ਵਿਚ ਗਲੀ ’ਚ ਖੇਡਦੇ ਸਮੇਂ 8 ਸਾਲਾ ਕਰਨਵੀਰ ਸਿੰਘ ਪੁੱਤਰ ਨਛੱਤਰ ਸਿੰਘ ਨਿਵਾਸੀ ਪਿੰਡ ਚਕ ਬਲੋਚਾ (ਮਹਾਲਮ), ਬਿਜਲੀ ਦੇ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿਚ ਆ ਕੇ ਗੰਭੀਰ ਤੌਰ ’ਤੇ ਸੜ ਗਿਆ ਅਤੇ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦਾ ਅੱਜ ਪਿੰਡ ਦੇ ਕਬਰਸਤਾਨ ’ਚ ਗਮਗੀਂ ਮਾਹੌਲ ’ਚ ਅੰਤਿਮ ਸੰਸਕਾਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਬੱਚਾ ਆਪਣੇ ਸਾਥੀਆਂ ਦੇ ਨਾਲ ਆਪਣੀ ਗਲੀ ’ਚ ਖੇਡ ਰਿਹਾ ਸੀ। ਖੇਡ ਦੇ ਦੌਰਾਨ ਉਸ ਦੀ ਗੇਂਦ ਛੱਤ ’ਤੇ ਚਲੀ ਗਈ, ਜਿਸ ਨੂੰ ਉਹ ਉਤਾਰਣ ਲਈ ਛੱਤ ’ਤੇ ਗਿਆ। ਇਸ ਦੌਰਾਨ ਉਹ ਐੱਲ. ਟੀ. (ਲੋ ਟੈਂਸ਼ਨ) ਲਾਈਨ ਦੇ ਸੰਪਰਕ ’ਚ ਆ ਗਿਆ ਅਤੇ ਗੰਭੀਰ ਤੌਰ ’ਤੇ ਜਲ ਗਿਆ। ਆਸ-ਪਾਸ ਮੌਜੂਦ ਲੋਕਾਂ ਨੇ ਬੱਚੇ ਨੂੰ ਤੁਰੰਤ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਗੰਭੀਰ ਸਥਿਤੀ ਕਾਰਨ ਉਹ ਬਚਾਇਆ ਨਹੀਂ ਜਾ ਸਕਿਆ।
ਪਿੰਡ ਚਕ ਬਲੋਚਾ ਦੇ ਸਰਪੰਚ ਮਲਕੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਤੁਰੰਤ ਬਾਅਦ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਬਾਅਦ ’ਚ ਟਰਾਂਸਫਰ ਤੋਂ ਸਵਿੱਚ ਕੱਟ ਕੇ ਬੱਚੇ ਨੂੰ ਹੇਠਾਂ ਉਤਾਰਿਆ ਗਿਆ।
ਸਰਪੰਚ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰੀ ਵਿਭਾਗ ਨੂੰ ਲਟਕੀਆਂ ਹੋਈਆਂ ਤਾਰਾਂ ਅਤੇ ਸੁਰੱਖਿਆ ਦੀ ਕਮੀ ਬਾਰੇ ਜਾਣੂ ਕਰਾਇਆ ਗਿਆ ਸੀ। ਉਹ ਕਹਿੰਦੇ ਹਨ ਕਿ ਇਹ ਤਾਰ ਕਿਸੇ ਵੀ ਸਮੇਂ ਬੱਚਿਆਂ ਅਤੇ ਪਿੰਡ ਵਾਸੀਆਂ ਲਈ ਖਤਰੇ ਦਾ ਕਾਰਨ ਬਣ ਸਕਦੀਆਂ ਸਨ। ਉਨ੍ਹਾਂ ਨੇ ਬਿਜਲੀ ਵਿਭਾਗ ਤੋਂ ਲਟਕੀਆਂ ਤਾਰਾਂ ਅਤੇ ਖਰਾਬ ਵਾਇਰਿੰਗ ਦੀ ਨਿਯਮਤ ਜਾਂਚ ਦੀ ਮੰਗ ਕੀਤੀ ਹੈ।
Read More : ਵਿਆਹੁਤਾ ਭੈਣ ਦੇ ਚਰਿੱਤਰ ‘ਤੇ ਸ਼ੱਕ ਕਾਰਨ ਕੀਤਾ ਕਤਲ
