ਭਾਰਤ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਮਾਮਲਾ ਅਮਰੀਕਾ ਸਰਕਾਰ ਕੋਲ ਉਠਾਉਣ ਲਈ ਆਖਿਆ
ਅੰਮ੍ਰਿਤਸਰ, 6 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਰੱਖਿਆ ਸਕੱਤਰ ਦੇ ਅਮਰੀਕੀ ਰੱਖਿਆ ਬਲਾਂ ’ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਵਾਲੇ ਬਿਆਨ ਬਾਰੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਅਮਰੀਕਾ ਸਰਕਾਰ ਕੋਲ ਮਾਮਲਾ ਉਠਾ ਕੇ ਇਸ ’ਤੇ ਰੋਕ ਲਗਾਉਣ ਲਈ ਆਖਿਆ ਹੈ।
ਪੱਤਰ ਵਿਚ ਲਿਖਿਆ ਗਿਆ ਕਿ ਇਸ ਫੈਸਲੇ ਨਾਲ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਸੱਟ ਵੱਜੀ ਹੈ, ਇਸ ਨੂੰ ਰੋਕਿਆ ਜਾਵੇ ਅਤੇ ਸਿੱਖਾਂ ਨੂੰ ਪਹਿਲਾਂ ਵਾਂਗ ਅਮਰੀਕਾ ਦੀ ਆਰਮੀ ਵਿਚ ਆਪਣੇ ਧਰਮ ਦਾ ਪਾਲਣ ਕਰਦਿਆਂ ਸੇਵਾਵਾਂ ਦੀ ਇਜਾਜ਼ਤ ਹੋਵੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਅਮਰੀਕਾ ਸਰਕਾਰ ਦੇ ਅਧਿਕਾਰੀ ਦਾ ਅਜਿਹਾ ਬਿਆਨ ਸਿੱਖਾਂ ਦੀਆਂ ਪ੍ਰੰਪਰਾਵਾਂ ਅਤੇ ਮੌਲਿਕ ਅਧਿਕਾਰਾਂ ਨੂੰ ਅੱਖੋਂ-ਪਰੋਖੇ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣੀ ਕਾਬਲੀਅਤ ਨਾਲ ਜਿਥੇ ਪੂਰੀ ਦੁਨੀਆ ਵਿਚ ਚੰਗੇ ਮੁਕਾਮ ਹਾਸਲ ਕੀਤੇ ਹਨ, ਉਥੇ ਅਮਰੀਕਾ ਦੇ ਵਿਕਾਸ ਵਿਚ ਵੀ ਆਪਣਾ ਯੋਗਦਾਨ ਪਾਇਆ ਹੈ ਅਤੇ ਅਮਰੀਕਾ ਦੀਆਂ ਸੇਨਾਵਾਂ ਵਿਚ ਵੀ ਸਿੱਖ ਆਪਣੀ ਡਿਊਟੀ ਪੂਰੀ ਲਗਣ ਨਾਲ ਕਰ ਰਹੇ ਹਨ। ਅਜਿਹੇ ਵਿਚ ਫੌਜ ਦੀ ਡਿਊਟੀ ਦੌਰਾਨ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਫੈਸਲਾ ਤਰਕਸੰਗਤ ਨਹੀਂ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਵੱਲੋਂ ਆਪਣੇ ਕੇਸ ਨਾ ਕੱਟਣੇ ਆਪਣੇ ਗੁਰੂ ਸਾਹਿਬਾਨ ਅਤੇ ਧਰਮ ਪ੍ਰਤੀ ਵਚਨਬਧਤਾ ਹੈ ਅਤੇ ਅਮਰੀਕਾ ਦੇ ਰੱਖਿਆ ਮੰਤਰੀ ਵੱਲੋਂ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਕਾਨੂੰਨ ਸਿੱਖਾਂ ਦੀ ਧਾਰਮਿਕ ਅਾਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਵਿਚ ਸਿੱਖ ਭਾਈਚਾਰੇ ਨਾਲ ਅਜਿਹਾ ਵਿਤਕਰਾ ਠੀਕ ਨਹੀਂ ਹੈ।
Read More : ਕਿਸ਼ਤੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਜਲੰਧਰ ਦਾ ਨੌਜਵਾਨ ਲਾਪਤਾ