Punjabi youth missing

ਕਿਸ਼ਤੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਜਲੰਧਰ ਦਾ ਨੌਜਵਾਨ ਲਾਪਤਾ

80 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨਾਲ ਜਾ ਰਿਹਾ ਸੀ ਇੰਗਲੈਂਡ, 18 ਮਈ ਨੂੰ ਹੀ ਵਰਕ ਪਰਮਿਟ ‘ਤੇ ਗਿਆ ਸੀ ਪੁਰਤਗਾਲ

ਫਰਾਂਸ, 6 ਅਕਤੂਬਰ : ਫਰਾਂਸ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਡੰਕੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ। ਉਕਤ ਨੌਜਵਾਨ 80 ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ 1 ਅਕਤੂਬਰ ਨੂੰ ਕਿਸ਼ਤੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਸੀ ਕਿ ਸਮੁੰਦਰ ਵਿਚ ਅਚਾਨਕ ਕਿਸ਼ਤੀ ਪਲਟ ਗਈ ਤੇ ਉਹ ਲਾਪਤਾ ਹੋ ਗਿਆ। ਅਰਵਿੰਦਰ ਸਿੰਘ (29) ਜ਼ਿਲਾ ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਨਾਲ ਸਬੰਧਤ ਹੈ।

ਜਾਣਕਾਰੀ ਅਨੁਸਾਰ ਨੌਜਵਾਨ 18 ਮਈ ਨੂੰ ਵਰਕ ਪਰਮਿਟ ‘ਤੇ ਪੁਰਤਗਾਲ ਗਿਆ ਸੀ, ਉੱਥੇ ਹੀ ਰਹਿਣਾ ਸੀ। 5 ਸਤੰਬਰ ਨੂੰ ਉਸ ਦੇ ਬਾਇਓਮੈਟ੍ਰਿਕਸ ਵੀ ਲਏ ਗਏ ਸਨ ਪਰ ਥੋੜੇ ਦਿਨ ਬਾਅਦ ਉਹ ਕੁਝ ਹੋਰ ਨੌਜਵਾਨਾਂ ਨੂੰ ਮਿਲਿਆ ਅਤੇ ਉਨ੍ਹਾਂ ਨੇ ਡੰਕੀ ਰਾਹੀਂ ਯੂਕੇ ਪਹੁੰਚਣ ਜਾਣ ਦੀ ਯੋਜਨਾ ਬਣਾਈ। ਪਹਿਲਾਂ ਉਨ੍ਹਾਂ ਨੇ ਇਕ ਟਰੱਕ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾਈ ਸੀ ਪਰ ਟਰੱਕ ਚਾਲਕ ਨੇ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ।

ਫਿਰ ਉਨ੍ਹਾਂ ਨੇ ਕਿਸ਼ਤੀ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾਈ। ਪਰਿਵਾਰ ਨੇ ਦੱਸਿਆ ਕਿ ਅਰਵਿੰਦਰ ਨੇ ਆਖ਼ਰੀ ਵਾਰ ਸਾਡੇ ਨਾਲ 29 ਸਤੰਬਰ ਨੂੰ ਗੱਲ ਕੀਤੀ ਸੀ, ਉਸ ਸਮੇਂ ਉਸਨੇ ਸਾਨੂੰ ਕਿਸ਼ਤੀ ਰਾਹੀਂ ਯਾਤਰਾ ਕਰਨ ਦੀ ਆਪਣੀ ਯੋਜਨਾ ਬਾਰੇ ਕੁਝ ਨਹੀਂ ਦੱਸਿਆ ਸੀ। ਸਾਨੂੰ 2 ਅਕਤੂਬਰ ਨੂੰ ਘਟਨਾ ਬਾਰੇ ਪਤਾ ਲੱਗਾ।

ਪਰਿਵਾਰ ਨੇ ਦੱਸਿਆ ਕਿ ਅਰਵਿੰਦਰ ਦੇ ਦੋਸਤ ਨੇ ਸਾਨੂੰ ਫ਼ੋਨ ਕਰ ਕੇ ਦੱਸਿਆ ਕਿ ਕਿਸ਼ਤੀ ‘ਤੇ ਲਗਭਗ 80 ਵਿਅਕਤੀਆਂ ਵਿੱਚੋਂ 5 ਪੰਜਾਬੀ ਨੌਜਵਾਨ ਸਨ। ਕਿਸ਼ਤੀ ਵਿਚ ਸਵਾਰ ਸਾਰੇ ਲੋਕਾਂ ਨੂੰ ਬਚਾਅ ਲਿਆ ਗਿਆ ਹੈ ਪਰ ਅਰਵਿੰਦਰ ਲਾਪਤਾ ਹੈ। ਹੁਣ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Read More : 69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਸ਼ਤਰੰਜ ਦਾ ਮੰਤਰੀ ਚੀਮਾ ਨੇ ਕੀਤਾ ਉਦਘਾਟਨ

Leave a Reply

Your email address will not be published. Required fields are marked *