ਪਾਕਿਸਤਾਨ ਨੂੰ 88 ਦੌੜਾ ਨਾਲ ਹਰਾਇਆ
ਕਲੰਬੋ, 5 ਅਕਤੂਬਰ : ਐਤਵਾਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ-2025 ਦੇ ਆਪਣੇ ਦੂਜੇ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 88 ਦੌੜਾ ਨਾਲ ਹਰਾਇਆ। ਉਮੀਦ ਅਨੁਸਾਰ ਮੈਚ ਦੌਰਾਨ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਬਣਿਆ ਤਿੱਖਾ ਤਣਾਅ ਕਾਇਮ ਰਿਹਾ। ਇਸ ਜਿੱਤ ਨਾਲ ਭਾਰਤ ਨੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਵਿਰੁੱਧ ਆਪਣਾ ਰਿਕਾਰਡ 12-0 ਕਰ ਲਿਆ ਹੈ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਮਹਿਲਾ ਵਿਸ਼ਵ ਕੱਪ ਮੈਚ ਲਈ ਟਾਸ ਦੌਰਾਨ ਅਪਣੀ ਪਾਕਿਸਤਾਨੀ ਹਮਰੁਤਬਾ ਫਾਤਿਮਾ ਸਨਾ ਨਾਲ ਹੱਥ ਨਹੀਂ ਮਿਲਾਇਆ। ਬੀ.ਸੀ.ਸੀ.ਆਈ. ਨੇ ਖਿਡਾਰੀਆਂ ਨੂੰ ਪਾਕਿਸਤਾਨੀ ਟੀਮ ਦੇ ਮੈਂਬਰਾਂ ਨਾਲ ਰਵਾਇਤੀ ਹੱਥ ਮਿਲਾਉਣ ਤੋਂ ਬਚਣ ਲਈ ਕਿਹਾ ਸੀ। ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ ਜਿੱਤ ਲਈ 248 ਦੌੜਾਂ ਦਾ ਟੀਚਾ ਦਿੱਤਾ ਸੀ। ਚੰਗੀ ਸ਼ੁਰੂਆਤ ਦੇ ਬਾਵਜੂਦ ਭਾਰਤ ਵਲੋਂ ਕੋਈ ਅੱਧੇ ਸੈਂਕੜੇ ਤਕ ਨਾ ਪਹੁੰਚ ਸਕਿਆ। ਹਰਲੀਨ ਦਿਓਲ ਨੇ ਸਭ ਤੋਂ ਜ਼ਿਆਦਾ 46 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਦਿਆਂ ਸਾਦਿਰਾ ਅਮੀਨ ਤੋਂ ਇਲਾਵਾ ਕੋਈ ਪਾਕਿਸਤਾਨੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੀ। ਸਾਦਿਰਾ ਅਮੀਨ ਨੇ ਸਭ ਤੋਂ ਜ਼ਿਆਦਾ 81 ਦੌੜਾਂ ਬਣਾਈਆਂ। ਪਾਕਿਸਤਾਨ ਦੀ ਪੂਰੀ ਟੀਮ 159 ਦੌੜਾਂ ਬਣਾ ਕੇ ਆਉਟ ਹੋ ਗਈ। ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਭਾਰਤ 8 ਟੀਮਾਂ ਦੇ ਟੂਰਨਾਮੈਂਟ ’ਚ ਅੰਕ ਤਾਲਿਕਾ ਦੇ ਸਿਖਰ ’ਤੇ ਪਹੁੰਚ ਗਿਆ ਹੈ।
ਹਾਲਾਂਕਿ ਟਾਸ ਦੌਰਾਨ ਮੈਚ ਰੈਫਰੀ ਸ਼ੈਂਡਰੇ ਫਰਿਟਜ਼ ਨੇ ਗਲਤੀ ਨਾਲ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੂੰ ਜੇਤੂ ਐਲਾਨ ਕੀਤਾ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸਿੱਕਾ ਉਛਾਲਿਆ ਸੀ ਅਤੇ ਸਨਾ ਨੇ ‘ਟੇਲ’ ਕਿਹਾ ਪਰ ਫਰਿਟਜ਼ ਨੇ ਇਸ ਨੂੰ ਗ਼ਲਤੀ ਨਾਲ ‘ਹੈੱਡ’ ਸਮਝ ਲਿਆ। ਮੇਲ ਜੋਨਸ ਨੇ ਵੀ ਉਨ੍ਹਾਂ ਦੀ ਗਲਤੀ ਨਹੀਂ ਸੁਧਾਰੀ।
ਸਿੱਕਾ ਡਿੱਗਣ ’ਤੇ ‘ਹੈੱਡ’ ਆਇਆ ਅਤੇ ਨਤੀਜਾ ਪਾਕਿਸਤਾਨ ਵੱਲ ਚਲਾ ਗਿਆ, ਜਿਸ ਨਾਲ ਪਾਕਿਸਤਾਨ ਨੂੰ ਬੱਦਲਵਾਈ ਵਾਲੀਆਂ ਸਥਿਤੀਆਂ ਵਿਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਹਰਮਨਪ੍ਰੀਤ ਨੇ ਵੀ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਅਤੇ ਪਰ ਬਾਅਦ ’ਚ ਉਨ੍ਹਾਂ ਨੂੰ ਜੋਨਸ ਨਾਲ ਗੱਲ ਕਰਦਿਆਂ ਵੇਖਿਆ ਗਿਆ।
Read More : ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, ਲੋਹੇ ਦਾ ਪੁੱਲ ਟੁੱਟਿਆ