ਅਬੋਹਰ, 4 ਅਕਤੂਬਰ : ਸ਼ਹਿਰ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਗਾਇਨੀਕੋਲੋਜੀਕਲ ਸਪੈਸ਼ਲਿਸਟ ਦੀ ਘਾਟ ਕਾਰਨ ਸਟਾਫ ਨਰਸ ਵੱਲੋ ਜਣੇਪਾ ਕਰਵਾਏ ਜਾਣ ਦੌਰਾਨ ਮਾਂ ਤੇ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅਬੋਹਰ ਦੇ ਫਾਜਿਲਕਾ ਰੋਡ ਦਾ ਰਹਿਣ ਵਾਲਾ ਦੀਪਕ ਕੁਮਾਰ ਗਰਭਵਤੀ ਪਤਨੀ ਪੱਲਵੀ ਨੂੰ ਵੀਰਵਾਰ ਰਾਤ ਜਣੇਪੇ ਲਈ ਸਰਕਾਰੀ ਹਸਪਤਾਲ ਲਿਆਇਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਜਣੇਪੇ ਸਮੇਂ ਜਣੇਪਾ ਵਾਰਡ ’ਚ ਕੋਈ ਮੈਡੀਕਲ ਅਫ਼ਸਰ ਮੌਜੂਦ ਨਹੀਂ ਸੀ। ਜਣੇਪਾ ਇਕ ਸਟਾਫ ਨਰਸ ਵੱਲੋ ਐੱਸਐਮਓ ਦੀ ਨਿਗਰਾਨੀ ਤੋਂ ਬਗ਼ੈਰ ਕੀਤਾ ਗਿਆ। ਬੱਚੇ ਦੀ ਜਣੇਪੇ ਦੌਰਾਨ ਮੌਤ ਹੋ ਗਈ।
ਪੱਲਵੀ ਦੀ ਹਾਲਤ ਬਾਅਦ ’ਚ ਵਿਗੜ ਗਈ, ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਉਸਨੂੰ ਕਿਤੇ ਹੋਰ ਰੈਫਰ ਕਰ ਦਿੱਤਾ। ਜਦੋਂ ਉਹ ਦੇਰ ਰਾਤ ਪੱਲਵੀ ਨੂੰ ਦੂਜੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਰਸਤੇ ’ਚ ਹੀ ਮੌਤ ਹੋ ਗਈ।
ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ. ਰੋਹਿਤ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਸਮੇਂ ਹਸਪਤਾਲ ’ਚ ਮੈਡੀਕਲ ਅਫਸਰ ਕਿਉਂ ਮੌਜੂਦ ਨਹੀਂ ਸੀ ਤੇ ਇੱਕ ਡਾਕਟਰ ਤੋਂ ਬਗ਼ੈਰ ਡਿਲੀਵਰੀ ਕਿਵੇਂ ਹੋ ਰਹੀ ਸੀ। ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦਾ ਇਕ ਬੋਰਡ ਬਣਾਇਆ ਗਿਆ ਹੈ।
Read More : ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਪੌਂਗ ਡੈਮ ਦੇ ਮੁੜ ਖੋਲ੍ਹੇ ਫਲੱਡ ਗੇਟ