ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵੇਂ ਦਫਤਰ ਕੰਪਲੈਕਸ ਦਾ ਰੱਖਿਆ ਨੀਂਹ-ਪੱਥਰ
ਲਹਿਰਾਗਾਗਾ , 4 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਰੋਧੀ ਧਿਰ ਵੱਲੋਂ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਸੂਬੇ ਦੀ ਤਰੱਕੀ ’ਚ ਰੁਕਾਵਟਾਂ ਪੈਦਾ ਕਰਨ ਦੀ ਸਖਤ ਆਲੋਚਨਾ ਕੀਤੀ ਹੈ।
ਮੁੱਖ ਮੰਤਰੀ ਨੇ ਅੱਜ ਇੱਥੇ ਕਈ ਵਿਕਾਸ ਪ੍ਰਾਜੈਕਟਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਸੌੜੀ ਸੋਚ ਰੱਖੀ ਹੋਈ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਬੁਖਲਾਹਟ ’ਚ ਆ ਕੇ ਸਰਕਾਰ ਨੂੰ ਬਦਨਾਮ ਕਰਨ ਦੀਆਂ ਬੇਹੂਦਾ ਕੋਸ਼ਿਸ਼ਾਂ ਕਰ ਰਹੇ ਹਨ ਪਰ ਕਿਸੇ ਵੀ ਮੁੱਦੇ ਦੀ ਘਾਟ ਕਾਰਨ ਬੁਰੀ ਤਰ੍ਹਾਂ ਅਸਫਲ ਰਹੇ ਹਨ।
ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਰਿਹਾਇਸ਼ ’ਤੇ ਵਾਪਸੀ ਲਈ ਨਜ਼ਰਾਂ ਗੱਡੀ ਬੈਠੇ ਹਨ ਪਰ ਉਨ੍ਹਾਂ ਦੀ ਕਿਸਮਤ ਰੁੱਸੀ ਹੋਈ ਹੈ ਕਿਉਂਕਿ ਉਨ੍ਹਾਂ ਨੇ ਸੱਤਾ ’ਚ ਹੁੰਦਿਆਂ ਲੋਕਾਂ ਦੀਆਂ ਇੱਛਾਵਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ.) ਦੀ ਸ਼ੁਰੂਆਤ ਨਾਲ ਪੰਜਾਬ ’ਚ ਸੜਕ ਹਾਦਸਿਆਂ ’ਚ ਮੌਤ ਦਰ 48 ਤੋਂ 49 ਫੀਸਦੀ ਘਟ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੂਬਾ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਅਤੇ ਦੂਜੇ ਸੂਬਿਆਂ ਨੂੰ ਇਸ ਮਾਡਲ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੀ ਗਈ ਆਪਣੀ ਕਿਸਮ ਦੀ ਇਹ ਪਹਿਲੀ ਪਹਿਲ ਸੂਬੇ ਦੇ ਇਤਿਹਾਸ ’ਚ ਇਕ ਮੀਲ ਪੱਥਰ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਲਹਿਰਾ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਨਵੇਂ ਦਫਤਰ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਕੰਪਲੈਕਸ ’ਚ 10,000 ਵਰਗ ਫੁੱਟ ਦਾ ਬਿਲਟ-ਅੱਪ ਏਰੀਆ ਹੋਵੇਗਾ ਅਤੇ ਇਹ 2.34 ਏਕੜ ਜ਼ਮੀਨ ’ਚ ਫੈਲਿਆ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ਦੀ ਕੁੱਲ ਲਾਗਤ 4.69 ਕਰੋੜ ਰੁਪਏ ਹੋਵੇਗੀ ਅਤੇ ਇਹ ਪ੍ਰਾਜੈਕਟ 18 ਮਹੀਨਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ’ਚ ਦੋ ਸਬ-ਡਵੀਜ਼ਨਲ ਦਫਤਰ (ਸ਼ਹਿਰੀ ਲਹਿਰਾਗਾਗਾ ਅਤੇ ਪੇਂਡੂ ਲਹਿਰਾਗਾਗਾ) ਅਤੇ ਇਕ ਸ਼ਿਕਾਇਤ ਕੇਂਦਰ ਹੋਵੇਗਾ, ਜਿਸ ਦਾ ਉਦੇਸ਼ ਸਥਾਨਕ ਨਿਵਾਸੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਗੋਇੰਦਵਾਲ ਪਾਵਰ ਪਲਾਂਟ ਖਰੀਦ ਕੇ ਇਤਿਹਾਸ ਰਚ ਦਿੱਤਾ ਹੈ, ਜੋ ਪਹਿਲਾਂ ਨਿੱਜੀ ਕੰਪਨੀ ਜੀ. ਵੀ. ਕੇ. ਪਾਵਰ ਦੀ ਮਲਕੀਅਤ ਸੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਨਿੱਜੀ ਮਾਲਕੀ ਵਾਲੀ ਜਾਇਦਾਦ ਖਰੀਦੀ ਹੈ ਅਤੇ ਪਲਾਂਟ ਦਾ ਨਾਂ ਤੀਜੇ ਸਿੱਖ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ।
ਮਾਨ ਨੇ ਲਹਿਰਾਗਾਗਾ ’ਚ 15.92 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਵੀ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ 30 ਜੁਲਾਈ, 2026 ਤੋਂ ਪਹਿਲਾਂ ਪੂਰਾ ਹੋਵੇਗਾ ਅਤੇ ਇਮਾਰਤ ਦਾ ਕਵਰਡ ਏਰੀਆ 51,881 ਵਰਗ ਫੁੱਟ ਹੋਵੇਗਾ।
ਉਨ੍ਹਾਂ ਕਿਹਾ ਕਿ ਕੰਪਲੈਕਸ ’ਚ ਐੱਸ.ਡੀ.ਐੱਮ. ਦਫਤਰ, ਸਬ-ਰਜਿਸਟਰਾਰ ਦਫਤਰ, ਸਟਾਫ ਰੂਮ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦਫਤਰ, ਖਜ਼ਾਨਾ ਦਫਤਰ, ਲੇਬਰ ਇੰਸਪੈਕਟਰ ਦਫਤਰ, ਫੂਡ ਸਪਲਾਈ ਦਫਤਰ ਅਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਹਰਦੀਪ ਸਿੰਘ ਮੁੰਡੀਆਂ ਮੌਜੂਦ ਸਨ।
Read More : ਆਸ਼ਾ ਤੇ ਫੈਸਿਲੀਟੇਟਰਾਂ ਨੂੰ ਜਣੇਪਾ ਛੁੱਟੀ ਦਾ ਲਾਭ ਦੇਣ ਲਈ ਨੋਟੀਫਿਕੇਸ਼ਨ ਜਾਰੀ : ਚੀਮਾ