ਜੇਲ ’ਚ ਬੰਦ ਲਵਪ੍ਰੀਤ ਸਿੰਘ ਚਲਾ ਰਿਹਾ ਸੀ ਰੈਕੇਟ, ਮੋਬਾਈਲ ਬਰਾਮਦ
ਖੰਨਾ, 3 ਅਕਤੂਰਬ : ਖੰਨਾ ਪੁਲਿਸ ਨੇ ਸਾਧੂ ਬਣ ਕੇ ਚਿੱਟਾ (ਹੈਰੋਇਨ) ਸਪਲਾਈ ਕਰਨ ਵਾਲੇ ਗਿਰੋਹ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ, ਜਿਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੂਰਾ ਨੈੱਟਵਰਕ ਜੇਲ ’ਚੋਂ ਚੱਲ ਰਿਹਾ ਸੀ। ਰੋਪੜ ਜੇਲ ’ਚ ਬੰਦ ਲਵਪ੍ਰੀਤ ਸਿੰਘ ਲਵੀ ਇਸ ਰੈਕੇਟ ਨੂੰ ਚਲਾ ਰਿਹਾ ਸੀ।
ਪੁਲਿਸ ਨੇ ਖ਼ੁਲਾਸਾ ਕੀਤਾ ਕਿ ਜੇਲ ’ਚੋਂ ਲਵੀ ਦੇ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ, ਜਿਸ ਸਬੰਧੀ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ’ਚ ਹੁਣ ਤੱਕ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ 1 ਕਿਲੋ 155 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਐੱਸ. ਪੀ. ਪਵਨਜੀਤ ਨੇ ਦੱਸਿਆ ਕਿ ਲਵੀ ਜੇਲ ’ਚੋਂ ਫ਼ੋਨ ਰਾਹੀਂ ਖੰਨਾ ਦੇ ਮਹੰਤ ਕਸ਼ਮੀਰ ਗਿਰੀ ਨਾਲ ਸੰਪਰਕ ਕਰਦਾ ਸੀ। ਕਸ਼ਮੀਰ ਗਿਰੀ ਆਪਣੇ ਸਾਥੀਆਂ ਸ਼ੰਟੀ ਕਾਲੀਆ, ਗੁਲਸ਼ਨ ਕੁਮਾਰ ਅਤੇ ਵਿੱਕੀ ਨਾਲ ਮਿਲ ਕੇ ਹੈਰੋਇਨ ਸਪਲਾਈ ਕਰਦਾ ਸੀ। ਇਹ ਲੁਧਿਆਣਾ ਦੇ ਸ਼ੁਭਮ ਤੋਂ ਹੈਰੋਇਨ ਖ਼ਰੀਦਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ੁਭਮ ਕੋਲੋਂ ਵੀ ਦੋ ਵਾਰ ਜੇਲ ’ਚੋਂ ਮੋਬਾਈਲ ਫ਼ੋਨ ਬਰਾਮਦ ਹੋ ਚੁੱਕਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੂਰਾ ਮਾਮਲਾ ਜੇਲ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਬੇਨਕਾਬ ਕਰਦਾ ਹੈ, ਕਿਉਂਕਿ ਕੈਦੀਆਂ ਕੋਲੋਂ ਵਾਰ-ਵਾਰ ਮੋਬਾਈਲ ਮਿਲਣਾ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦਾ ਹੈ।
ਸਾਬਕਾ ਸ਼ਿਵ ਸੈਨਾ ਆਗੂ ਰਹਿ ਚੁੱਕੇ ਮਹੰਤ ਕਸ਼ਮੀਰ ਗਿਰੀ ਬਾਰੇ ਵੀ ਕਈ ਖ਼ੁਲਾਸੇ ਸਾਹਮਣੇ ਆਏ ਹਨ। ਪੁਲਿਸ ਰਿਕਾਰਡ ਅਨੁਸਾਰ ਉਸ ਦੇ ਵਿਰੁੱਧ ਕਈ ਹੋਰ ਮਾਮਲੇ ਵੀ ਦਰਜ ਹਨ।
ਇਸ ਗਿਰੋਹ ’ਚ ਸ਼ਾਮਲ ਸ਼ੰਟੀ ਕਾਲੀਆ ਬਾਰੇ ਵੀ ਚਰਚਾ ਹੋ ਰਹੀ ਹੈ। ਕਾਲੀਆ ਪਰਿਵਾਰ ਕਦੇ ਪੰਜਾਬ ਵਿਚ ਸ਼ਰਾਬ ਦੇ ਕਾਰੋਬਾਰ ਲਈ ਜਾਣਿਆ ਜਾਂਦਾ ਸੀ ਪਰ ਕਰਜ਼ ਹੇਠਾਂ ਆਉਣ ਤੋਂ ਬਾਅਦ ਸ਼ੰਟੀ ਅਤੇ ਉਸ ਦਾ ਭਰਾ ਨਾਜਾਇਜ਼ ਸ਼ਰਾਬ ਵੇਚਣ ਲੱਗ ਪਏ। ਹਾਲ ਹੀ ਦੇ ਸਾਲਾਂ ’ਚ ਸ਼ੰਟੀ ਨੇ ਹੈਰੋਇਨ ਦਾ ਕਾਰੋਬਾਰ ਸ਼ੁਰੂ ਕਰ ਦਿਤਾ ਸੀ।
ਖੰਨਾ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਇਕ ਡਰੱਗ ਰੈਕੇਟ ਨਹੀਂ, ਸਗੋਂ ਜੇਲ ਪ੍ਰਣਾਲੀ ਦੇ ਅੰਦਰੂਨੀ ਖਾਮੀਆਂ ਨੂੰ ਵੀ ਉਜਾਗਰ ਕਰਦਾ ਹੈ। ਹੁਣ ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਜੇਲ ਦੇ ਅੰਦਰੋਂ ਇਹ ਨੈੱਟਵਰਕ ਕਿਸ ਤਰ੍ਹਾਂ ਚੱਲ ਰਿਹਾ ਸੀ ਅਤੇ ਇਸ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ।
Read More : ਦੁਸਹਿਰਾ ਮੇਲੇ ਤੋਂ ਵਾਪਸ ਆ ਰਹੇ 3 ਬੱਚਿਆਂ ਦੀ ਮੌਤ, 2 ਜ਼ਖਮੀ