ਸਵਾਰੀਆ ਨਾਲ ਭਰੀ ਬੱਸ ਗੰਦੇ ਨਾਲੇ ਵਿਚ ਡਿੱਗੀ , 8 ਦੀ ਮੌਤ, 24 ਤੋਂ ਵੱਧ ਜ਼ਖ਼ਮੀ
ਬਠਿੰਡਾ, 27 ਦਸੰਬਰ – ਬਠਿੰਡਾ ਦੇ ਜੀਵਨ ਸਿੰਘ ਵਾਲਾ ਨੇੜੇ ਵੱਡਾ ਹਾਦਸਾ ਵਾਪਰਿਆ ਹੈ, ਇਸ ਹਾਦਸੇ ਵਿਚ ਸਵਾਰੀਆਂ ਨਾਲ ਭਰੀ ਹੋਈ ਬੱਸ ਪੁੱਲ ਤੋਂ ਹੇਠਾਂ ਸਿੱਧਾ ਗੰਦੇ ਪਾਣੀ ਵਿਚ ਡਿੱਗ ਗਈ ਹੈ। ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਸ਼ੀਸ਼ੇ ਤੋੜ ਕੇ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਖਬਰ ਲਿਖੇ ਜਾਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬੱਸ ਵਿੱਚ 50 ਦੇ ਕਰੀਬ ਸਵਾਰੀਆਂ ਸਨ। ਡਰਾਈਵਰ ਦੀ ਪਛਾਣ ਮਾਨਸਾ ਦੇ ਰਹਿਣ ਵਾਲੇ ਬਲਕਾਰ ਸਿੰਘ ਦੇ ਰੂਪ ਵਿੱਚ ਹੋਈ ਹੈ। ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਪਰੇ ਤੇ ਐਸ .ਐਸ. ਪੀ ਅਮਨੀਤ ਕੌਂਡਲ ਵੀ ਮੌਕੇ ’ਤੇ ਪੁੱਜੇ। ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਤਲਵੰਡੀ ਸਾਬੋ ਹਸਪਤਾਲ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਕੁਝ ਲੋਕਾਂ ਨੂੰ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਰੈਫਰ ਕਰ ਦਿੱਤਾ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਆਸ-ਪਾਸ ਦੇ ਲੋਕਾਂ ਨੇ ਪੁਲਿਸ ਦੀ ਕਾਫੀ ਮਦਦ ਕੀਤੀ। ਅਜੇ ਜਾਂਚ ਜਾਰੀ ਹੈ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਇਕ ਨਿੱਜੀ ਟਰਾਂਸਪੋਰਟ ਕੰਪਨੀ ਦੀ ਬੱਸ ਬਠਿੰਡਾ-ਸ਼ਰਦੂਲਗੜ੍ਹ ਲੋਕਲ ਰੂਟ ‘ਤੇ ਚੱਲਦੀ ਸੀ। ਬੱਸ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਤੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਇੱਕ ਨਾਲੇ ਵਿਚ ਪਲਟ ਗਈ। ਇਸ ਤੋਂ ਬਾਅਦ ਬੱਸ ਵਿੱਚ ਸਵਾਰ ਲੋਕਾਂ ਵਿੱਚ ਰੌਲਾ ਪੈ ਗਿਆ। ਬੱਸ ਵਿੱਚ ਜਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਿਆ ਜਾ ਰਿਹਾ ਹੈ। ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮ ਡਰੇਨ ਵਿੱਚ ਫਸੇ ਲੋਕਾਂ ਦੀ ਭਾਲ ਕਰ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਹਸਪਤਾਲ ਪੁੱਜੇ। ਇੱਥੇ ਉਨ੍ਹਾਂ ਜ਼ਖ਼ਮੀ ਲੋਕਾਂ ਦਾ ਹਾਲ-ਚਾਲ ਪੁੱਛਿਆ।
