Zero tolerance policy

ਪਰਾਲੀ ਫੂਕਣ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ

ਉਦਯੋਗਪਤੀਆਂ ਨੂੰ ਪਰਾਲੀ ਦੀਆਂ ਗੰਢਾਂ ਖਰੀਦਣ ਦੀ ਹਦਾਇਤ

ਵਧੀਕ ਡਿਪਟੀ ਕਮਿਸ਼ਨਰ ਬੈਂਬੀ ਅਤੇ ਐੱਸ. ਪੀ. ਅੱਤਰੀ ਵੱਲੋਂ ਉਦਯੋਗਪਤੀਆਂ ਅਤੇ ਬੇਲਰ ਮਾਲਕਾਂ ਨਾਲ ਮੀਟਿੰਗ

ਸੰਗਰੂਰ, 26 ਸਤੰਬਰ : ਪਰਾਲੀ ਫੂਕੇ ਜਾਣ ਨੂੰ ਰੋਕਣ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਅਤੇ ਐੱਸ. ਪੀ.(ਡੀ) ਦਵਿੰਦਰ ਅੱਤਰੀ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਉਦਯੋਗਪਤੀਆਂ ਅਤੇ ਬੇਲਰ ਮਾਲਕਾਂ ਨਾਲ ਮੀਟਿੰਗ ਕੀਤੀ।

ਬੈਂਬੀ ਨੇ ਕਿਹਾ ਕਿ ਸੰਗਰੂਰ ਜ਼ਿਲੇ ਦੇ ਉਦਯੋਗਪਤੀ ਸਿਰਫ਼ ਜ਼ਿਲਾ ਸੰਗਰੂਰ ਵਿੱਚੋਂ ਹੀ ਪਰਾਲੀ ਦੀਆਂ ਗੰਢਾਂ ਖਰੀਦਣ, ਤਾਂ ਜੋ ਇਸ ਪਹਿਲਕਦਮੀ ਦੇ ਲਾਭ ਸਿਰਫ਼ ਜ਼ਿਲੇ ਵਿਚ ਹੀ ਰਹਿਣ। ਬੇਲਰ ਮਾਲਕਾਂ ਨੂੰ ਹਦਾਇਤ ਦਿੱਤੀ ਕਿ ਉਹ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਗੰਢਾਂ ਬਣਾਉਣ ਵਿਚ ਪਹਿਲ ਦੇਣ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਫਸਲ ਵੱਢੇ ਜਾਣ ਤੋਂ 8 ਤੋਂ 10 ਦਿਨਾਂ ਵਿੱਚ ਪਰਾਲੀ ਦੀਆਂ ਗੰਢਾਂ ਹਰ ਹਾਲ ਬਣਾਈਆਂ ਜਾਣ।

ਵਧੀਕ ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ, ਬੇਲਰ ਮਾਲਕਾਂ ਅਤੇ ਕਿਸਾਨਾਂ ਦੇ ਵਿਚਕਾਰ ਸਹੀ ਸਹਿਯੋਗ ਅਤੇ ਤਾਲਮੇਲ ‘ਤੇ ਜ਼ੋਰ ਦਿੱਤਾ, ਤਾਂ ਜੋ ਪਰਾਲੀ ਪ੍ਰਬੰਧਨ ਠੀਕ ਢੰਗ ਨਾਲ ਹੋ ਸਕੇ। ਜ਼ਿਲਾ ਪ੍ਰਸ਼ਾਸਨ ਗੰਢਾਂ ਰੱਖਣ ਸਬੰਧੀ ਦਰਪੇਸ਼ ਦਿੱਕਤਾਂ ਦੂਰ ਕਰਨ ਲਈ ਵੀ ਵਚਨਬੱਧ ਹੈ ਤੇ ਇਸ ਸਬੰਧੀ ਪੂਰਨ ਸਹਿਯੋਗ ਦਿੱਤਾ ਜਾਵੇਗਾ।

ਬੈਂਬੀ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸੜਨ ਦੇ ਵਾਤਾਵਰਨ ਅਤੇ ਸਿਹਤ ਉੱਤੇ ਪੈਣ ਵਾਲੇ ਮਾੜੇ ਅਸਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਦਯੋਗਪਤੀਆਂ ਅਤੇ ਬੇਲਰ ਮਾਲਕਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇਗਾ ਤਾਂ ਜੋ ਪਰਾਲੀ ਦਾ ਸਹੀ ਢੰਗ ਨਾਲ ਪ੍ਰਬੰਧਨ ਹੋ ਸਕੇ ਅਤੇ ਇਸ ਨੂੰ ਸੜਨ ਦੀ ਲੋੜ ਹੀ ਖਤਮ ਹੋ ਜਾਵੇ।

ਇਸ ਮੌਕੇ ਐੱਸ. ਪੀ. ਦਵਿੰਦਰ ਅੱਤਰੀ ਨੇ ਇਸ ਬਾਬਤ ਨਿਗਰਾਨੀ ਅਤੇ ਲੋੜ ਅਨੁਸਾਰ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੁਲਿਸ ਪਰਾਲੀ ਫੂਕਣ ਖ਼ਿਲਾਫ਼ ਜ਼ੀਰੋ-ਟਾਲਰੈਂਸ ਨੀਤੀ ਅਪਣਾਏਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਟੀਮਾਂ ਤੀਬਰ ਪੈਟ੍ਰੋਲਿੰਗ ਅਤੇ ਨਿਗਰਾਨੀ ਕਰਨਗੀਆਂ ਤੇ ਕਿਸੇ ਨੂੰ ਵੀ ਪਰਾਲੀ ਨੂੰ ਅੱਗ ਨਹੀਂ ਲਾਉਣ ਦਿੱਤੀ ਜਾਵੇਗੀ। ਪੁਲਿਸ ਵੀ ਕਿਸਾਨਾਂ ਨੂੰ ਇਸ ਬਾਬਤ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਲਗਾਤਾਰ ਕੰਮ ਕਰੇਗੀ ਅਤੇ ਪਰਾਲੀ ਫੂਕਣ ਦੀ ਪ੍ਰਥਾ ਖਤਮ ਕੀਤੀ ਜਾਵੇਗੀ।

ਮੀਟਿੰਗ, ਸਾਰੇ ਹਿੱਸੇਦਾਰਾਂ ਦੀ ਇਸ ਰਾਏ ਨਾਲ ਸਮਾਪਤ ਹੋਈ ਕਿ ਉਹ ਸਾਰੇ ਵਾਤਾਵਰਨ ਪੱਖੀ ਪਰਾਲੀ ਪ੍ਰਬੰਧਨ ਨੂੰ ਲਾਗੂ ਕਰਨ ਵਿੱਚ ਪੂਰਾ ਸਹਯੋਗ ਦੇਣਗੇ। ਸ਼੍ਰੀ ਬੈਂਬੀ ਅਤੇ ਸ਼੍ਰੀ ਅੱਤਰੀ ਨੇ ਕਿਸਾਨਾਂ, ਉਦਯੋਗਪਤੀਆਂ ਅਤੇ ਬੇਲਰ ਮਾਲਕਾਂ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਵਾਤਾਵਰਨ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਵੱਖ-ਵੱਖ ਉਦਯੋਗਿਕ ਯੂਨਿਟਾਂ ਦੇ ਨੁਮਾਇੰਦੇ, ਬੇਲਰ ਮਾਲਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Read More : ਨਸ਼ੀਲੇ ਪਦਾਰਥ ਤੇ ਹਥਿਆਰਾਂ ਦੀ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼

Leave a Reply

Your email address will not be published. Required fields are marked *