–1354166 ਮੀਟ੍ਰਿਕ ਟਨ ਆਮਦ ਹੋਣ ਦੀ ਸੰਭਾਵਨਾ, ਸਾਰੇ ਪ੍ਰਬੰਧ ਪੁਖ਼ਤਾ : ਡੀ. ਸੀ.
ਸੰਗਰੂਰ, 23 ਸਤੰਬਰ : ਜ਼ਿਲਾ ਸੰਗਰੂਰ ’ਚ ਅੱਜ ਤੋਂ ਖਰੀਫ਼ ਸੀਜ਼ਨ 2025-26 ਦੀ ਝੋਨੇ ਦੀ ਸਰਕਾਰੀ ਖਰੀਦ ਮੁਹਿੰਮ ਦਾ ਆਗਾਜ਼ ਹੋ ਗਿਆ ਹੈ। ਪਹਿਲੇ ਦਿਨ ਸੰਗਰੂਰ ਦੇ ਕਿਸਾਨ ਰਾਜਿੰਦਰ ਸਿੰਘ ਵੱਲੋਂ ਲਿਆਂਦੀ ਗਈ ਪਹਿਲੀ ਢੇਰੀ ਦੀ ਬੋਲੀ ਖੁਦ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਰਵਾਈ। ਇਸ ਨਾਲ ਜ਼ਿਲੇ ’ਚ ਸਰਕਾਰੀ ਖਰੀਦ ਦੀ ਪ੍ਰਕਿਰਿਆ ਨੂੰ ਸਰਕਾਰੀ ਪੱਧਰ ’ਤੇ ਮਜ਼ਬੂਤੀ ਮਿਲੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਜ਼ਿਲਾ ਸੰਗਰੂਰ ’ਚ ਲੱਗਭਗ 13,54,166 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਇਸ ਵੱਡੇ ਪੱਧਰ ਦੀ ਆਮਦ ਨੂੰ ਦੇਖਦਿਆਂ ਜ਼ਿਲੇ ’ਚ 172 ਖਰੀਦ ਕੇਂਦਰ ਐਲਾਨੇ ਗਏ ਹਨ, ਜਿੱਥੇ ਕਿਸਾਨ ਆਪਣੀ ਫਸਲ ਵੇਚ ਸਕਣਗੇ।
ਖਰੀਦ ਏਜੰਸੀਆਂ ਲਈ ਸਰਕਾਰ ਵੱਲੋਂ ਨਿਰਧਾਰਿਤ ਟੀਚਿਆਂ ਅਨੁਸਾਰ ਪਨਗ੍ਰੇਨ 34 ਫੀਸਦੀ, ਪਨਸਪ 22 ਫੀਸਦੀ, ਮਾਰਕਫੈੱਡ 26ਫੀਸਦੀ, ਵੇਅਰ ਹਾਊਸ 13 ਫੀਸਦੀ ਅਤੇ ਐੱਫ. ਸੀ. ਆਈ. 5 ਫੀਸਦੀ ਝੋਨੇ ਦੀ ਖਰੀਦ ਕਰਨਗੀਆਂ। ਇਸ ਤੋਂ ਇਲਾਵਾ, ਸਾਰੇ ਪ੍ਰਬੰਧ ਮਜ਼ਬੂਤੀ ਨਾਲ ਕੀਤੇ ਗਏ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਰੀਦ ਸੀਜ਼ਨ ਦੌਰਾਨ 37650 ਗੱਠਾਂ ਦੀ ਲੋੜ ਪਵੇਗੀ ਅਤੇ ਇਹ ਸਾਰੀਆਂ ਗੱਠਾਂ ਏਜੰਸੀਆਂ ਕੋਲ ਉਪਲੱਬਧ ਹਨ। ਜ਼ਿਲਾ ਸੰਗਰੂਰ ’ਚ ਕੁੱਲ 620 ਚੌਲ ਮਿੱਲਾਂ ਹਨ, ਜਿਨ੍ਹਾਂ ’ਚੋਂ ਲੱਗਭਗ ਸਾਰੀਆਂ ਨੂੰ ਝੋਨਾ ਸਪੁਰਦ ਕਰਨ ਲਈ ਅਲਾਟ ਕੀਤਾ ਜਾ ਚੁੱਕਾ ਹੈ।
ਮੰਡੀ ਬੋਰਡ ਵੱਲੋਂ ਮੰਡੀਆਂ ’ਚ ਪੂਰੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵਿਚ ਫੜ੍ਹਾਂ ਦੀ ਸਫਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ, ਲੇਬਰ ਅਤੇ ਢੋਆ-ਦੁਆਈ ਦੇ ਪ੍ਰਬੰਧ ਸ਼ਾਮਲ ਹਨ। ਖਰੀਦ ਏਜੰਸੀਆਂ ਨੇ ਆਪਣੇ ਅਮਲੇ ਦੀ ਮੰਡੀਆਂ ਵਿਚ ਨਿਯੁਕਤੀ ਵੀ ਕਰ ਦਿੱਤੀ ਹੈ।
ਖਰੀਦ ਸੀਜ਼ਨ ਦੌਰਾਨ ਬੋਰੀਆਂ ’ਤੇ ਨੀਲੇ ਰੰਗ ਦੀ ਸਿਆਹੀ ਨਾਲ ਛਾਪਾ ਲਗਾਇਆ ਜਾਵੇਗਾ ਅਤੇ ਸਿਲਾਈ ਲਾਲ ਰੰਗ ਦੇ ਧਾਗੇ ਨਾਲ ਕੀਤੀ ਜਾਵੇਗੀ। ਖਰੀਦੇ ਝੋਨੇ ਦੀ ਚੁਕਾਈ 72 ਘੰਟਿਆਂ ਦੇ ਅੰਦਰ ਕੀਤੀ ਜਾਵੇਗੀ। ਲਿਫਟਿੰਗ ਸਮੇਂ ਅਨਾਜ ਖਰੀਦ ਪੋਰਟਲ ’ਤੇ ਆਨਲਾਈਨ ਗੇਟ ਪਾਸ ਜਾਰੀ ਕੀਤੇ ਜਾਣਗੇ।
ਇਸ ਮੌਕੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਜ਼ਿਲਾ ਮੰਡੀ ਅਫਸਰ ਜਸਪਾਲ ਸਿੰਘ ਘੁਮਾਣ, ਸਕੱਤਰ ਨਰਿੰਦਰ ਸਿੰਘ, ਆੜ੍ਹਤੀਏ, ਕਿਸਾਨ ਅਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
Read More : ਭਿਆਨਕ ਹਾਦਸਾ : ਕਾਰ-ਕੈਂਟਰ ਦੀ ਟੱਕਰ, 5 ਲੋਕ ਜ਼ਿੰਦਾ ਸੜੇ