ਬੰਦੂਕਧਾਰੀਆਂ ਨੇ ਨੀਮ ਫ਼ੌਜੀ ਬਲਾਂ ਦੀ ਗੱਡੀ ਉਤੇ ਕੀਤਾ ਹਮਲਾ
ਬਿਸ਼ਨੂਪੁਰ, 19 ਸਤੰਬਰ : ਮਨੀਪੁਰ ਦੇ ਬਿਸ਼ਨੂਪੁਰ ਜ਼ਿਲੇ ’ਚ ਦੇਰ ਸ਼ਾਮ ਹਥਿਆਰਬੰਦ ਅੱਤਵਾਦੀਆਂ ਦੇ ਇਕ ਸਮੂਹ ਨੇ ਨੀਮ ਫ਼ੌਜੀ ਬਲਾਂ ਦੀ ਗੱਡੀ ‘ਤੇ ਹਮਲਾ ਕਰ ਦਿੱਤਾ, ਇਸ ਦੌਰਾਨ ਅਸਮ ਰਾਈਫਲਜ਼ ਦੇ 2 ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਜਵਾਨ ਜ਼ਖਮੀ ਵੀ ਹੋ ਗਏ।
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸ਼ਾਮ ਕਰੀਬ 6 ਵਜੇ ਦੇ ਕਰੀਬ ਜ਼ਿਲ੍ਹੇ ਦੇ ਨੰਬੋਲ ਸਬਲ ਲੇਕਾਈ ਇਲਾਕੇ ’ਚ ਵਾਪਰੀ। ਇਕ ਅਧਿਕਾਰੀ ਨੇ ਦੱਸਿਆ ਕਿ ਬੰਦੂਕਧਾਰੀਆਂ ਦੇ ਇਕ ਸਮੂਹ ਨੇ ਉਸ ਗੱਡੀ ਉਤੇ ਹਮਲਾ ਕਰ ਦਿੱਤਾ, ਜਿਸ ਵਿਚ ਅਸਾਮ ਰਾਈਫਲਜ਼ ਦੇ ਜਵਾਨ ਇੰਫਾਲ ਤੋਂ ਬਿਸ਼ਨੂਪੁਰ ਜ਼ਿਲ੍ਹੇ ਵਲ ਜਾ ਰਹੇ ਸਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ।
ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਵਲੋਂ ਇਕ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਬਿਸ਼ਨੂਪੁਰ ਜ਼ਿਲ੍ਹੇ ਦੇ ਨਿੰਗਥੌਖੋਂਗ ਕਸਬੇ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਅਧਿਕਾਰੀਆਂ ਮੁਤਾਬਕ ਪੁਲਿਸ ਨੇ ਵੀਰਵਾਰ ਸ਼ਾਮ ਕਰੀਬ 7 ਵਜੇ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ ’ਚ ਥੋਕਚੋਮ ਰੋਮੇਨ (45) ਨੂੰ ਗ੍ਰਿਫਤਾਰ ਕੀਤਾ ਸੀ। ਸਥਾਨਕ ਲੋਕਾਂ ਨੇ ਔਰਤਾਂ ਦੀ ਅਗਵਾਈ ਵਿਚ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ ਪ੍ਰਦਰਸ਼ਨ ਕੀਤਾ ਅਤੇ ਸੁਰੱਖਿਆ ਕਾਫਲੇ ਦੀ ਆਵਾਜਾਈ ਸਮੇਤ ਟ੍ਰੈਫਿਕ ਨੂੰ ਰੋਕਿਆ।
ਪ੍ਰਦਰਸ਼ਨਕਾਰੀਆਂ ਨੇ ਇਸ ਗ੍ਰਿਫਤਾਰੀ ਨੂੰ ‘ਮਨਮਾਨੀ’ ਦਸਿਆ ਅਤੇ ਉਸ ਦੀ ਤੁਰਤ ਰਿਹਾਈ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਬਾਅਦ ’ਚ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਨਾਕਾਬੰਦੀ ਹਟਾ ਦਿੱਤੀ।
Read More : ਅਮਰੀਕਾ ਪੁਲਸ ਨੇ ਭਾਰਤੀ ਇੰਜੀਨੀਅਰ ਦਾ ਕੀਤਾ ਕਤਲ
