ਤੇਜ਼ ਰਫਤਾਰ ਬਰੀਜਾ ਕਾਰ ਨੇ ਮੋਟਰਸਾਈਕਲ ਨੂੰ ਰਹੀ ਮਾਰੀ ਟੱਕਰ
ਸੁਲਤਾਨਪੁਰ ਲੋਧੀ, 17 ਸਤੰਬਰ : ਜ਼ਿਲਾ ਕਪੂਰਥਲਾ ਵਿਚ ਸੁਲਤਾਨਪੁਰ ਲੋਧੀ-ਗੋਇੰਦਵਾਲ ਮਾਰਗ ‘ਤੇ ਪਿੰਡ ਮੰਗੂਪੁਰ ਦੇ ਨੇੜੇ ਇਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਹੋ ਗਈ, ਇਸ ਹਾਦਸੇ ਵਿਚ ਬਜ਼ੁਰਗ ਪਤੀ-ਪਤਨੀ ਨੇ ਜ਼ਖ਼ਮਾਂ ਦਾ ਤਾਬ ਨਾ ਸਹਾਰਦਿਆਂ ਹੋਇਆਂ ਦਮ ਤੋੜ ਦਿੱਤਾ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸੇਵਾਮੁਕਤ ਸੂਬੇਦਾਰ ਫ਼ਕੀਰ ਸਿੰਘ (73) ਪੁੱਤਰ ਉਜਾਗਰ ਸਿੰਘ ਅਤੇ ਬਲਵੀਰ ਕੌਰ (71) ਪਤਨੀ ਫਕੀਰ ਸਿੰਘ ਵਾਸੀ ਪਰਮਜੀਤਪੁਰ (ਆਲੂਪੁਰ) ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਵਾਈ ਲੈਣ ਲਈ ਗੋਇੰਦਵਾਲ ਜਾ ਰਹੇ ਸਨ। ਇਸ ਦੌਰਾਨ ਉਹ ਤਲਵੰਡੀ ਚੌਧਰੀਆਂ ਤੋਂ ਅੱਗੇ ਪਿੰਡ ਮੰਗੂਪੁਰ ਨੇੜੇ ਸਥਿਤ ਇਕ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਮੋਟਰਸਾਈਕਲ ਨੂੰ ਮੋੜਨ ਲੱਗੇ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਬਰੀਜਾ ਕਾਰ ਦੇ ਚਾਲਕ ਨੇ ਉਹਨਾਂ ਨੂੰ ਪਿਛਲੇ ਪਾਸਿਓਂ ਜ਼ਬਰਦਸਤ ਟੱਕਰ ਮਾਰ ਦਿੱਤੀ।
ਇਸ ਦੌਰਾਨ ਦੋਵੇਂ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਜਿੰਨਾ ਨੂੰ ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਜ਼ਖ਼ਮੀ ਪਤੀ-ਪਤਨੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਇਸ ਮਾਮਲੇ ਸਬੰਧੀ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵੱਲੋਂ ਗੱਡੀ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਥਾਣਾ ਮੁਖੀ ਅਨੁਸਾਰ ਪਰਿਵਾਰ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Read More : ਹੜ੍ਹ ਪ੍ਰਭਾਵਿਤ ਪਿੰਡਾਂ ’ਚ 7 ਦਿਨਾਂ ’ਚ ਗਿਰਦਾਵਰੀ ਦਾ ਕੰਮ ਮੁਕੰਮਲ ਹੋਵੇਗਾ : ਧਾਲੀਵਾਲ