ਇਕ ਸੇਵਾਦਾਰ ਦੀ ਮੌਤ, ਤਿੰਨ ਦੀ ਹਾਲਤ ਗੰਭੀਰ
ਲੁਧਿਆਣਾ, 16 ਸਤੰਬਰ : ਲੁਧਿਆਣਾ ਸ਼ਹਿਰ ਦੇ ਸ਼ਿੰਗਾਰ ਸਿਨੇਮਾ ਨੇੜੇ ਧਰਮਪੁਰਾ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੇ 4 ਵਿਅਕਤੀਆਂ ਨੂੰ ਬਿਜਲੀ ਦਾ ਕਰੰਟ ਲੱਗਿਆ, ਜਿਸ ਕਾਰਨ ਇਕ ਸੇਵਾਦਾਰ ਦੀ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਜਦੋਂ ਕਿ ਤਿੰਨ ਹੋਰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗੁਰਦੁਆਰਾ ਸਾਹਿਬ ਵਿਚ ਹੋਏ ਉਪਰੋਕਤ ਹਾਦਸੇ ਦੀ ਖ਼ਬਰ ਇਲਾਕੇ ਵਿਚ ਅੱਗ ਵਾਂਗ ਫੈਲ ਗਈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਦਸੇ ਦੌਰਾਨ ਮਰਨ ਵਾਲੇ ਵਿਅਕਤੀ ਦਾ ਨਾਂ ਕਾਲੂ ਦੱਸਿਆ ਜਾ ਰਿਹਾ ਹੈ ਜਦੋਂਕਿ ਗੰਭੀਰ ਜ਼ਖਮੀਆਂ ਦੇ ਨਾਂ ਰਾਮਦੀਨ, ਰਾਜੂ ਮਦਨ ਅਤੇ ਜਗਜੀਤ ਸਿੰਘ ਢੱਲ ਹਨ, ਜੋ ਹਸਪਤਾਲ ਵਿਚ ਇਲਾਜ ਅਧੀਨ ਹਨ।
ਜਾਣਕਾਰੀ ਦਿੰਦੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਸੇਵਾਦਾਰ ਗੁਰਦੁਆਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੇ ਸਨ, ਇਸ ਦੌਰਾਨ ਬਿਜਲੀ ਦੇ ਤੇਜ਼ ਝਟਕੇ ਕਾਰਨ ਚਾਰੇ ਸੇਵਾਦਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੰਗਤ ਨੇ ਹਸਪਤਾਲ ਪਹੁੰਚਾਇਆ। ਜ਼ਖਮੀਆਂ ਨੂੰ ਇਲਾਜ ਲਈ ਇਲਾਕੇ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਇਸ ਦੌਰਾਨ ਕਾਲੂ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ 3 ਹੋਰ ਹਸਪਤਾਲ ਵਿਚ ਇਲਾਜ ਅਧੀਨ ਹਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰ ਕੁਮਾਰ ਡਾਬਰ ਤੇ ਵਾਰਡ ਨੰਬਰ 82 ਦੇ ਕੌਂਸਲਰ ਅਰੁਣ ਸ਼ਰਮਾ ਹਸਪਤਾਲ ਪਹੁੰਚੇ ਅਤੇ ਮ੍ਰਿਤਕ ਕਾਲੂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਜ਼ਖਮੀਆਂ ਦੇ ਬਿਹਤਰ ਇਲਾਜ ਲਈ ਡਾਕਟਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਦੂਜੇ ਪਾਸੇ ਪੰਜਾਬ ਰਾਜ ਬਿਜਲੀ ਨਿਗਮ ਦੇ ਸੀ.ਐੱਮ.ਸੀ. ਡਵੀਜ਼ਨ ਵਿਚ ਤਾਇਨਾਤ ਕਾਰਜਕਾਰੀ ਸੰਜੀਵ ਕੁਮਾਰ ਜੌਲੀ ਨੇ ਦਾਅਵਾ ਕੀਤਾ ਕਿ ਜਦੋਂ ਗੁਰਦੁਆਰੇ ਵਿੱਚ ਸੇਵਾਦਾਰਾਂ ਵੱਲੋਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾ ਰਿਹਾ ਸੀ, ਇਸ ਦੌਰਾਨ ਇਕ ਵਿਅਕਤੀ ਉੱਪਰ ਚੜ੍ਹਿਆ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਿਹਾ ਸੀ ਜਦੋਂਕਿ ਤਿੰਨ ਹੋਰ ਸੇਵਾਦਾਰ ਨਿਸ਼ਾਨ ਸਾਹਿਬ ਨੂੰ ਫੜ ਕੇ ਹੇਠਾਂ ਖੜ੍ਹੇ ਸਨ ਪਰ ਇਸ ਦੌਰਾਨ ਸੰਤੁਲਨ ਵਿਗੜਨ ਕਾਰਨ ਨਿਸ਼ਾਨ ਸਾਹਿਬ ਦਾ ਉੱਪਰਲਾ ਹਿੱਸਾ ਕਈ ਫੁੱਟ ਦੂਰ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਇਹ ਘਾਤਕ ਹਾਦਸਾ ਵਾਪਰਿਆ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਸਬੰਧਤ ਐਸਡੀਓ ਤੇ ਆਪਣੀ ਟੀਮ ਦੇ ਹੋਰ ਕਰਮਚਾਰੀਆਂ ਨਾਲ ਮੌਕੇ ”ਤੇ ਪਹੁੰਚੇ ਤੇ ਹਾਦਸੇ ਦੌਰਾਨ ਮਰਨ ਵਾਲੇ ਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਪਾਵਰਕਾਮ ਵਿਭਾਗ ਨੂੰ ਪੱਤਰ ਲਿਖ ਕੇ ਗੁਰਦੁਆਰਾ ਸਾਹਿਬ ਦੇ ਨੇੜੇ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਬਦਲਣ ਤੇ 150 ਮਿਲੀਮੀਟਰ ਦੀਆਂ ਨਵੀਆਂ ਤਾਰਾਂ ਵਿਛਾਉਣ ਦੀ ਮੰਗ ਕੀਤੀ ਸੀ ਪਰ ਪ੍ਰਬੰਧਕ ਕਮੇਟੀ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਨਵੀਆਂ ਤਾਰਾਂ ਵਿਛਾਉਣ ਲਈ ਬਣਾਏ ਗਏ ਅਨੁਮਾਨ ਦੀ ਰਕਮ ਜਮ੍ਹਾ ਨਾ ਕਰਵਾਉਣ ਕਾਰਨ ਕੰਮ ਪੂਰਾ ਨਹੀਂ ਹੋ ਸਕਿਆ।
Read More : ਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਉੱਪਰ