ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਸ਼ੁਰੂ
ਸਰਹਿੰਦ, 15 ਸਤੰਬਰ : ਜ਼ਿਲਾ ਫਤਹਿਗੜ੍ਹ ਸਾਹਿਬ ਦੇ ਪਿੰਡ ਚਣੋ ਦੇ ਸਰਕਾਰੀ ਸਕੂਲ ’ਚ ਅੱਠਵੀਂ ਜਮਾਤ ਦੇ 12 ਸਾਲਾ ਵਿਦਿਆਰਥੀ ਨੂੰ ਅਧਿਆਪਕ ਨੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਥਾਣਾ ਮੁੱਲੇਪੁਰ ਦੀ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਵਿਦਿਆਰਥੀ ਕਰਨਵੀਰ ਸਿੰਘ ਦੇ ਚਾਚਾ ਸਵਰਨਜੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਚਣੋ ਦੇ ਸਰਕਾਰੀ ਮਿਡਲ ਸਕੂਲ ਦੇ ਅਧਿਆਪਕ ਹਰਵਿੰਦਰ ਸਿੰਘ ਨੇ ਕਰਨਵੀਰ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਬੱਚਾ ਨਾ ਤਾਂ ਠੀਕ ਤਰ੍ਹਾਂ ਖੜ੍ਹਾ ਹੋ ਰਿਹਾ ਸੀ ਅਤੇ ਨਾ ਹੀ ਚੱਲ ਰਿਹਾ ਸੀ। ਬੱਚੇ ਨੂੰ ਚਨਾਰਥਲ ਕਲਾਂ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਰੈਫਰ ਕਰ ਦਿੱਤਾ।
ਅਧਿਆਪਕ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਅਧਿਆਪਕ ਨੇ ਉਨ੍ਹਾਂ ਦੇ ਘਰ ਕਿਸੇ ਹੋਰ ਵਿਅਕਤੀ ਰਾਹੀਂ ਸੁਨੇਹਾ ਭੇਜ ਕੇ ਕਿਹਾ ਕਿ ‘ਜੋ ਕਰਨਾ ਹੈ ਕਰ ਲਓ, ਉਹ ਨਹੀਂ ਡਰਦਾ।’ ਇਸ ਬਾਰੇ ਥਾਣਾ ਮੁੱਲੇਪੁਰ ਦੇ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਮੇਂ ਬੱਚੇ ਦਾ ਇਲਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ। ਸਬੰਧਿਤ ਸਾਰੀਆਂ ਧਿਰਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ। ਜਾਂਚ ਵਿਚ ਜੋ ਕੁਝ ਸਾਹਮਣੇ ਆਵੇਗਾ, ਉਸੇ ਦੇ ਆਧਾਰ ’ਤੇ ਅਗਲੇ ਕਦਮ ਚੁੱਕੇ ਜਾਣਗੇ।
ਅਧਿਆਪਕ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ ਅਧਿਆਪਕ ਹਰਵਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ ਬੱਚੇ ਦੀ ਕੁੱਟਮਾਰ ਨਹੀਂ ਕੀਤੀ। ਬੱਚੇ ਨੂੰ ਡਰਾਉਣ ਲਈ ਜ਼ਮੀਨ ’ਤੇ ਡੰਡੇ ਜ਼ਰੂਰ ਮਾਰੇ ਸਨ। ਉਨ੍ਹਾਂ ਨੇ ਧਮਕੀ ਵਾਲੀ ਗੱਲ ਨੂੰ ਵੀ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਕਿਸੇ ਨੂੰ ਧਮਕੀ ਨਹੀਂ ਦਿੱਤੀ ਅਤੇ ਨਾ ਹੀ ਸਵਰਨਜੀਤ ਸਿੰਘ ਦੇ ਘਰ ਕਿਸੇ ਨੂੰ ਧਮਕਾਉਣ ਲਈ ਭੇਜਿਆ ਸੀ।
Read More : ਕਰਜ਼ੇ ਤੋਂ ਪ੍ਰੇਸ਼ਾਨ 4 ਧੀਆਂ ਦੇ ਪਿਉ ਨੇ ਕੀਤੀ ਖੁਦਕੁਸ਼ੀ