ਲੁਧਿਆਣਾ, 13 ਸਤੰਬਰ : ਲੁਧਿਆਣਾ ਦੇ ਥਾਣਾ ਮੋਤੀ ਨਗਰ ਅਧੀਨ ਆਉਂਦੇ ਸ਼ੇਰਪੁਰ ਕਲਾਂ ਇਲਾਕੇ ’ਚ ਦੇਰ ਰਾਤ ਕਰੀਬ 10 ਵਜੇ 2 ਧਿਰਾਂ ਵਿਚਕਾਰ ਜੰਮ ਕੇ ਫਾਇਰਿੰਗ ਹੋਈ, ਇਸ ਦੌਰਾਨ ਹਮਲਾਵਰਾਂ ਨੇ ਕਰੀਬ 25 ਰਾਊਂਡ ਫਾਇਰ ਕੀਤੇ, ਜਿਸ ਨਾਲ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਮੁਹੱਲੇ ’ਚ ਜੋ ਵੀ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਦੇ ਮਾਲਕ ਜਾਨ ਬਚਾਅ ਕੇ ਦੁਕਾਨਾਂ ਛੱਡ ਕੇ ਭੱਜ ਗਏ। ਸਾਰੇ ਹਮਲਾਵਰਾਂ ਨੇ ਆਪਣਾ ਚਿਹਰਾ ਕੱਪੜੇ ਨਾਲ ਢੱਕ ਰੱਖਿਆ ਸੀ। ਬੱਚੀ ਖੇਡਦੇ ਸਮੇਂ ਜ਼ਖਮੀ ਹੋ ਗਈ।
ਮੌਕੇ ’ਤੇ ਮੌਜੂਦ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ਤੋਂ ਸਬਜ਼ੀਆਂ ਲੈ ਕੇ ਘਰ ਵਾਪਸ ਆ ਰਹੇ ਸਨ, ਉਦੋਂ ਉਨ੍ਹਾਂ ਨੇ 2 ਧਿਰਾਂ ਨੂੰ ਆਹਮੋ-ਸਾਹਮਣੇ ਗੋਲੀਆਂ ਚਲਾਉਂਦੇ ਦੇਖਿਆ। ਡਰ ਦੇ ਮਾਰੇ ਉਹ ਨੇੜੇ ਹੀ ਲੁਕ ਗਿਆ। ਥੋੜ੍ਹੀ ਦੇਰ ਬਾਅਦ ਉਸ ਦੀ ਭੈਣ ਅਤੇ ਭਤੀਜੀ ਮੈਰੀ ਉਸ ਕੋਲ ਆਈ।
ਸਰਬਜੀਤ ਨੇ ਦੱਸਿਆ ਕਿ ਉਸ ਦੀ ਭਤੀਜੀ ਦੇ ਹੱਥ ’ਚੋਂ ਖੂਨ ਨਿਕਲ ਰਿਹਾ ਸੀ। ਪਰਿਵਾਰ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ। ਡਾਕਟਰਾਂ ਨੇ ਐਕਸ-ਰੇ ਲਈ ਸੈਂਪਲ ਲਏ ਹਨ ਅਤੇ ਕਿਹਾ ਹੈ ਕਿ ਬਾਅਦ ’ਚ ਪਤਾ ਲੱਗੇਗਾ ਕਿ ਲੜਕੀ ਨੂੰ ਗੋਲੀ ਲੱਗੀ ਹੈ ਜਾਂ ਛਰੇ ਨਾਲ ਸੱਟ ਲੱਗੀ ਹੈ।
ਸਰਬਜੀਤ ਦਾ ਕਹਿਣਾ ਹੈ ਕਿ ਮੈਰੀ ਗਲੀ ’ਚ ਖੇਡ ਰਹੀ ਸੀ, ਉਸ ਸਮੇਂ ਇਸ ਫਾਇਰਿੰਗ ਦੀ ਲਪੇਟ ’ਚ ਆ ਗਈ। ਨੌਜਵਾਨ ਨੂੰ ਘੜੀਸ ਕੇ ਸੜਕ ’ਤੇ ਲਿਆ ਕੇ ਕੁੱਟਿਆ। ਇਲਾਕੇ ਦੇ ਹੀ ਵਾਸੀ ਅਜੇ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸੰਨੀ ਗਲੀ ਦੇ ਬਾਹਰ ਖੜ੍ਹਾ ਸੀ।
ਹਮਲਾਵਰਾਂ ਨੇ ਉਸ ਨੂੰ ਫੜ ਕੇ ਘੜੀਸਦੇ ਹੋਏ ਸੜਕ ’ਤੇ ਲਿਜਾ ਕੇ ਦਾਤਰ ਅਤੇ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ। ਗੰਭੀਰ ਜ਼ਖਮੀ ਸੰਨੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ। ਡਾਕਟਰਾਂ ਦਾ ਕਹਿਣਾ ਹੈ ਕਿ ਸੰਨੀ ਅਜੇ ਵੀ ਬੇਹੋਸ਼ ਹੈ ਅਤੇ ਉਸ ਦੇ ਹੋਸ਼ ’ਚ ਆਉਣ ਤੋਂ ਬਾਅਦ ਹੀ ਸਹੀ ਸਥਿਤੀ ਦਾ ਪਤਾ ਲੱਗੇਗਾ।
ਇਸ ਦੌਰਾਨ ਸੂਚਨਾ ਮਿਲਦੇ ਹੀ ਥਾਣਾ ਮੋਤੀ ਨਗਰ ਦੀ ਪੁਲਸ ਮੌਕੇ ’ਤੇ ਪਹੁੰਚੀ। ਐੱਸ. ਐੱਚ. ਓ. ਵੀਰੇਂਦਰ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਹਮਲਾਵਰਾਂ ਦੀ ਪਛਾਣ ’ਚ ਜੁੱਟ ਗਈ ਹੈ ਅਤੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।
ਹਮਲਾਵਰਾਂ ਦੀ ਧਮਕੀ ਕਾਰਨ ਇਲਾਕੇ ’ਚ ਦਹਿਸ਼ਤ
ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਜਾਂਦੇ-ਜਾਂਦੇ ਹਮਲਾਵਰਾਂ ਨੇ ਸਾਰਿਆਂ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੇ ਉਨ੍ਹਾਂ ਖਿਲਾਫ ਬਿਆਨ ਦਿੱਤਾ ਜਾਂ ਸੀ. ਸੀ. ਟੀ. ਵੀ. ਫੁਟੇਜ ਪੁਲਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਧਮਕੀ ਤੋਂ ਬਾਅਦ ਪੂਰੇ ਇਲਾਕੇ ’ਚ ਡਰ ਦਾ ਮਾਹੌਲ ਹੈ ਅਤੇ ਕੋਈ ਵੀ ਗਵਾਹੀ ਦੇਣ ਲਈ ਤਿਆਰ ਨਹੀਂ ਹੈ।
Read More : 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਸਰਬ ਧਰਮ ਸੰਮੇਲਨ 20 ਨੂੰ : ਕਾਲਕਾ, ਕਾਹਲੋਂ