ਧੜ ਤੋਂ ਸਿਰ ਕੀਤਾ ਵੱਖ, ਖਾਲੀ ਪਲਾਟ ’ਚੋਂ ਮਿਲੀ ਲਾਸ਼
ਮ੍ਰਿਤਕ ਦੀ ਨਹੀਂ ਹੋਈ ਪਛਾਣ
ਲੁਧਿਆਣਾ, 21 ਦਸੰਬਰ – ਢੰਡਾਰੀ ਖੁਰਦ ਇਲਾਕੇ ਵਿਚ ਇਕ ਨੌਜਵਾਨ ਦਾ ਕਤਲ ਕਰ ਕੇ ਲਾਸ਼ ਖਾਲੀ ਪਲਾਟ ਵਿਚ ਸੁੱਟ ਦਿੱਤੀ। ਕਾਤਲਾਂ ਨੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਗਲਾ ਵੱਢ ਕੇ ਵੱਖ ਕਰ ਦਿੱਤਾ ਸੀ। ਸਵੇਰ ਗੁਆਂਢੀ ਨੇ ਲਾਸ਼ ਦੇਖ ਕੇ ਰੌਲਾ ਪਾਇਆ, ਜਿਸ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ, ਚੌਕੀ ਢੰਡਾਰੀ ਕਲਾਂ ਦੀ ਪੁਲਸ ਨੇ ਮੌਕੇ ‘ਤੇ ਪੁੱਜ ਕੇ ਨੌਜਵਾਨ ਦੀ ਪਛਾਣ ਕਰਨ ਦਾ ਯਤਨ ਕੀਤਾ ਪਰ ਪਛਾਣ ਨਹੀਂ ਹੋ ਸਕੀ।
ਜਾਣਕਾਰੀ ਮੁਤਾਬਕ ਢੰਡਾਰੀ ਖੁਰਦ ਦੇ ਵਿਸ਼ਾਖਾ ਜਾੜ ਕਾਲੋਨੀ ਵਿਚ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਸਵੇਰ ਉੱਠ ਕੇ ਘਰ ਦੇ ਬਾਹਰ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਦੇ ਕੋਲ ਬਣੇ ਖਾਲੀ ਪਲਾਟ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਉਸ ਨੇ ਤੁਰੰਤ ਆਂਢ-ਗੁਆਂਢ ਨੂੰ ਉਠਾਇਆ। ਨੌਜਵਾਨ ਦਾ ਕਤਲ ਹੋਇਆ ਸੀ। ਤੇਜ਼ਧਾਰ ਹਥਿਆਰ ਨਾਲ ਗਲਾ ਇਸ ਤਰ੍ਹਾਂ ਵੱਢਿਆ ਹੋਇਆ ਸੀ ਕਿ ਸਿਰ ਧੜ ਤੋਂ ਵੱਖਰਾ ਹੋ ਗਿਆ ਸੀ।
ਕਤਲ ਦਾ ਪਤਾ ਲਗਦੇ ਹੀ ਏ. ਸੀ. ਪੀ. ਇੰਸਟ੍ਰੀਅਲ ਏਰੀਆ, ਥਾਣਾ ਫੋਕਲ ਪੁਆਇੰਟ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਅਤੇ ਚੌਕੀ ਢੰਡਾਰੀ ਦੇ ਇੰਚਾਰਜ ਕ੍ਰਿਸ਼ਨ ਲਾਲ ਪੁਲਸ ਟੀਮ ਸਮੇਤ ਘਟਨਾ ਸਥਾਨ ’ਤੇ ਪੁੱਜੇ। ਪੁਲਸ ਨੇ ਦੇਖਿਆ ਤਾਂ ਨੌਜਵਾਨ ਦੀ ਗਰਦਨ ’ਤੇ ਇਕ ਰੱਸੀ ਵੀ ਬੰਨ੍ਹੀ ਹੋਈ ਸੀ। ਜਦੋਂ ਲਾਸ਼ ਚੁੱਕ ਕੇ ਵਾਹਨ ਵਿਚ ਰੱਖਣ ਲੱਗੇ ਤਾਂ ਸਿਰ ਧੜ ਤੋਂ ਵੱਖ ਸੀ। ਨੌਜਵਾਨ ਦੇ ਕੱਪੜਿਆਂ ਵਿਚੋਂ ਅਜਿਹਾ ਕੁਝ ਨਹੀਂ ਮਿਲਿਆ ਜਿਸ ਤੋਂ ਉਸ ਦੀ ਪਛਾਣ ਹੋ ਸਕਦੀ। ਉਹ ਆਸ ਪਾਸ ਦੇ ਇਲਾਕੇ ਦਾ ਵੀ ਨਹੀਂ ਸੀ। ਇਸ ਲਈ ਉਸ ਦੀ ਪਛਾਣ ਲਈ ਲਾਸ਼ 72 ਘੰਟੇ ਲਈ ਮੌਰਚਰੀ ਵਿਚ ਰਖਵਾ ਦਿੱਤੀ ਹੈ।
